ਜੰਡਿਆਲਾ ਗੁਰੂ, 3 ਨਵੰਬਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ਜੰਡਿਆਲਾ ਗੁਰੂ ਉਪਰ ਚੱਲ ਰਹੇ ਰੇਲ ਰੋਕੋ ਦੇ ਅੰਦੋਲਨ ਦੇ 41ਵੇਂ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਕਿਹਾ 5 ਨਵੰਬਰ ਦੇ ਬੰਦ ਨੂੰ ਸਫ਼ਲ ਕਰਨ ਲਈ 42 ਥਾਵਾਂ ’ਤੇ ਜਾਮ ਲਗਾਉਣ ਦੀਆਂ ਰਿਪੋਰਟਾਂ ਅਨੁਸਾਰ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਜਲਾਲਾਬਾਦ ਮੋਗਾ, ਗੁਰਦਾਸਪੁਰ, ਹਰਗੋਬਿੰਦਪੁਰ, ਜਲੰਧਰ, ਕਪੂਰਥਲਾ ਜ਼ਿਲ੍ਹਿਆਂ ਸਮੇਤ ਭਾਰਤ ਦੇ ਕੌਮੀ ਬੰਦ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਜਾਮ ਕਰਕੇ ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਸ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਵੱਡੇ ਪੱਧਰ ‘ਤੇ ਸ਼ਾਮਲ ਹੋਣਗੀਆਂ। ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਹਰਪ੍ਰੀਤ ਸਿੰਘ ਸਿੱਧਵਾਂ, ਇੰਦਰਜੀਤ ਸਿੰਘ ਕੱਲੀਵਾਲ, ਰਣਬੀਰ ਸਿੰਘ ਠੱਠਾ ਨੇ ਕਿਹਾ ਕਿਸਾਨਾਂ ਦਾ ਇਹ ਮੋਰਚਾ 7 ਸਤੰਬਰ ਤੋਂ ਜੇਲ੍ਹ ਭਰੋ ਅੰਦੋਲਨ ਨਾਲ ਸ਼ੁਰੂ ਹੋਇਆ ਸੀ ਜੋ ਅੱਜ ਰੇਲ ਰੋਕੋ ਅੰਦੋਲਨ ਦੇ ਰੂਪ ਵਿੱਚ 41ਵੇਂ ਦਿਨ ਵੀ ਜਾਰੀ ਹੈ। ਇਸ ਮੌਕੇ ਅਮਨਦੀਪ ਕੱਚਰਭੰਨ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ ਤਲਵੰਡੀ, ਅੰਗਰੇਜ਼ ਸਿੰਘ, ਗੁਰਦੀਪ ਸਿੰਘ, ਹਰਬੰਸ ਸਿੰਘ, ਸੁਰਿੰਦਰ ਸਿੰਘ ਨੇ ਸੰਬੋਧਨ ਕੀਤਾ।

ਲਹਿਰਾਗਾਗਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ’ਚ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਿਲਾਇੰਸ ਪੈਟਰੋਲ ਪੰਪ ਅੱਗੇ ਦਿੱਤਾ ਜਾ ਧਰਨਾ 34ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ ਤੇ ਪੰਜ ਨਵੰਬਰ ਦੇ ਚੱਕਾ ਜਾਮ ਲਈ ਲਾਮਬੰਦੀ ਕੀਤੀ ਗਈ। ਇਸ ਧਰਨੇ ’ਚ ਔਰਤਾਂ ’ਚ ਵੱਧ ਰਹੀਂ ਸ਼ਮੂਲੀਅਤ ਕਰਕੇ ਜਥੇਬੰਦੀ ਔਰਤ ਵਰਗ ਦੇ ਚੇਤੰਨ ਤੇ ਜਾਗਰੂਕ ਹੋਣ ਕਰਕੇ ਉਤਸ਼ਾਹਿਤ ਹਨ। ਜਥੇਬੰਦੀ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਚੰਗਾਲੀਵਾਲਾ ਦੀ ਅਗਵਾਈ ’ਚ ਮਾਰਕੀਟ ਕਮੇਟੀ ’ਚ ਵੀ ਬਾਰਦਾਨੇ ਦੀ ਘਾਟ ਨੂੰ ਲੈਕੇ ਅਣਮਿਥੇ ਸਮੇਂ ਧਰਨਾ ਲਾਇਆ ਗਿਆ ਅਤੇ ਇਹ ਧਰਨਾ ਬਾਰਦਾਨੇ ਦੀ ਘਾਟ ਪੂੁਰੀ ਹੋਣ ਤੱਕ ਚੱਲੇਗਾ। ਬਲਾਕ ਪ੍ਰਧਾਨ ਧਰਮਿੰਦਰ ਪਿਸ਼ੋਰ, ਸੂਬਾ ਸਿੰਘ ਸੰਗਤਪੁਰਾ,ਬਹਾਲ ਸਿੰਘ ਢੀਂਡਸਾ, ਬਹਾਦਰ ਸਿੰਘ, ਕਰਨੈਲ ਸਿੰਘ ਗਨੋਟਾ, ਜਸ਼ਨਦੀਪ ਕੌਰ, ਹਰਜੀਤ ਸਿੰਘ ਭੁਟਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਖੇਤੀਬਾੜੀ ਨੂੰ ਤਬਾਹ ਕਰਨ ਵਾਲੇ ਤਿੰਨ ਕਾਨੂੰਨ ਲਿਆਂਦੇ ਹਨ। ਇਸ ਮੌਕੇ ਪੰਜ ਨਵੰਬਰ ਦੇ ਜਾਮ ਲਈ ਵਿਉਂਤਬੰਦੀ ਕੀਤੀ। ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ’ਚ ਬਾਰਦਾਨੇ ਦੀ ਨਕਲੀ ਕਿੱਲਤ ਪੈਂਦਾ ਕਰਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਬੋਲੀ ਲੱਗੀ ਨੂੰ ਚਾਰ ਪੰਜ ਦਿਨ ਵੀ ਬਾਰਦਾਨਾ ਨਹੀਂ ਪਹੁੰਚ ਰਿਹਾ।

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਟੌਲ ਪਲਾਜ਼ਾ ਕਾਲਾਝਾੜ, ਟੌਲ ਪਲਾਜ਼ਾ ਮਾਝੀ ਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ 34ਵੇਂ ਦਿਨ ਧਰਨਿਆਂ ਵਿੱਚ ਕਿਸਾਨਾਂ ਵੱਲੋਂ 5 ਨਵੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਕਰਨ ਦਾ ਅਹਿਦ ਲਿਆ ਗਿਆ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਲਗਾਏ ਧਰਨਿਆਂ ਵਿੱਚ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ ਅਤੇ ਹਰਜੀਤ ਸਿੰਘ ਮਹਿਲਾਂ ਨੇ ਆਖਿਆ ਕਿ 5 ਨਵੰਬਰ ਨੂੰ ਭਾਰਤ ਬੰਦ ਦੇ ਸੱਦੇ ਦੀ ਤਾਲਮੇਲਵੇ ਢੰਗ ਨਾਲ਼ ਯੂਨੀਅਨ ਵੱਲੋਂ ਪੰਜਾਬ ਅੰਦਰ 14 ਜ਼ਿਲ੍ਹਿਆਂ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ਤੇ ਸਥਿਤ ਟੌਲ ਪਲਾਜ਼ਾ ਮਾਝੀ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਗੁਰਮੀਤ ਸਿੰਘ ਭੱਟੀਵਾਲ ਨੇ ਦੱਸਿਆ ਕਿ 5 ਨਵੰਬਰ ਨੂੰ ਭਾਰਤ ਬੰਦ ਦੇ ਸੱਦੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਬਾਲਦ ਕਲਾਂ, ਰਣਧੀਰ ਸਿੰਘ ਭੱਟੀਵਾਲ, ਬੁੱਧ ਸਿੰਘ ਬਾਲਦ, ਅੰਗਰੇਜ ਸਿੰਘ, ਹਰਦੀਪ ਸਿੰਘ ਨਕਟੇ , ਜੀਤ ਸਿੰਘ ਮਾਝੀ ਅਤੇ ਨਛੱਤਰ ਸਿੰਘ ਹਾਜ਼ਰ ਸਨ।

ਬਰਨਾਲਾ: ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸਾਂਝੇ ਸੱਦੇ ‘ਤੇ 34 ਦਿਨਾਂ ਤੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਡਟੇ ਕਿਸਾਨ ਦਾ ਸੰਘਰਸ਼ੀ ਸਿਰੜ ਦਿਨੋਂ-ਦਿਨ ਹੋਰ ਪੱਕਾ ਹੁੰਦਾ ਜਾ ਰਿਹਾ ਹੈ। ਅੱਜ ਬੁਲਾਰਿਆਂ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਕਾਦੀਆਂ ਦੇ ਸੰਪੂਰਨ ਸਿੰਘ ਚੂੰਘਾਂ, ਸਿੱਧੂਪੁਰ ਦੇ ਨਛੱਤਰ ਸਿੰਘ ਸਹੌਰ, ਜਸਪਾਲ ਸਿੰਘ ਕਲਾਲਮਾਜਰਾ, ਬੀਕੇਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ, ਪੰਜਾਬ ਕਿਸਾਨ ਯੂਨੀਅਨ ਦੇ ਬਾਰਾ ਸਿੰਘ, ਕੁੱਲ ਹਿੰਦ ਕਿਸਾਨ ਸਭਾ(ਸਾਂਬਰ) ਦੇ ਉਜਾਗਰ ਸਿੰਘ ਬੀਹਲਾ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਵਾਲ) ਦੇ ਮਾ. ਨਿਰੰਜਣ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ, ਲੰਗਰ ਕਮੇਟੀ ਦੇ ਕੁਲਵਿੰਦਰ ਸਿੰਘ ਉੱਪਲੀ, ਧਰਮ ਸਿੰਘ ਭੈਣੀਜੱਸਾ, ਦਰਸ਼ਨ ਸਿੰਘ ਮਹਿਤਾ, ਪਰਮਜੀਤ ਕੌਰ, ਮਜਦੂਰ ਆਗੂ ਲਾਲ ਸਿੰਘ ਧਨੌਲਾ, ਜੈ ਕਿਸਾਨ ਦੇ ਗੁਰਬਖਸ਼ ਸਿੰਘ ਕੱਟੂ, ਹਰਪ੍ਰੀਤ ਸਿੰਘ ਬੇਰੁਜਗਾਰ ਅਧਿਆਪਕ ਯੂਨੀਅਨ ਸ਼ਾਮਲ ਸਨ। ਇਸ ਮੌਕੇ ਪੰਜ ਨਵੰਬਰ ਦੇ ਚੱਕਾ ਜਾਮ ਨੂੰ ਸਫ਼ਲ ਕਰਨ ਦਾ ਅਹਿਦ ਲਿਆ ਗਿਆ।