ਕਿਊਬਿਕ, 7 ਜਨਵਰੀ : ਬੁਰਕੀਨਾ ਫਾਸੋ ਵਿੱਚ ਲਾਪਤਾ ਹੋਈ ਕਿਊਬਿਕ ਦੀ ਮਹਿਲਾ ਦੀ ਮਾਂ ਨੂੰ ਪੂਰੀ ਆਸ ਹੈ ਕਿ ਉਸ ਦੀ ਧੀ ਤੇ ਉਸ ਦਾ ਬੁਆਏਫਰੈਂਡ ਸਹੀ ਸਲਾਮਤ ਮਿਲ ਜਾਣਗੇ।
ਐਡਿਥ ਬਲਾਇਸ ਦੀ ਮਾਂ ਜੋਸਲਿਨ ਬਰਜਰੌਨ ਨੇ ਦੱਸਿਆ ਕਿ ਪਿਛਲੇ ਮਹੀਨੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਬੇਟੀ ਤੇ ਉਸ ਦਾ ਬੁਆਏਫਰੈਂਡ ਲੂਕਾ ਟੈਚੈਟੋ ਅਫਰੀਕੀ ਦੇਸ਼ ਵਿੱਚ ਲਾਪਤਾ ਹੋ ਗਏ ਹਨ ਤਾਂ ਉਸ ਨੂੰ ਬਹੁਤ ਘਬਰਾਹਟ ਹੋਈ। ਪਰ ਉਸ ਨੇ ਆਖਿਆ ਕਿ ਉਹ ਆਪਣੀ ਸੋਚ ਸਕਾਰਾਤਮਕ ਰੱਖ ਰਹੀ ਹੈ। ਇੱਕ ਫੇਸਬੁੱਕ ਗਰੁੱਪ ਵਿੱਚ ਬਲਾਇਸ ਪਰਿਵਾਰ ਨੇ ਦੱਸਿਆ ਹੈ ਕਿ ਉਹ ਤੇ ਉਸ ਦਾ ਬੁਆਏਫਰੈਂਡ ਟੈਚੈਟੋ ਉਸ ਸਮੇਂ ਬੁਰਕੀਨਾ ਫਾਸੋ ਤੋਂ ਲੰਘ ਰਹੇ ਸਨ ਜਦੋਂ ਉਹ ਗਾਇਬ ਹੋ ਗਏ। ਉਨ੍ਹਾਂ ਦੇ ਪਰਿਵਾਰਾਂ ਦਾ 15 ਦਸੰਬਰ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਉਸੇ ਦਿਨ ਹੀ ਬਲਾਇਸ ਨੇ ਆਪਣੇ ਸਫਰ ਦੀਆਂ ਤਸਵੀਰਾਂ ਆਨਲਾਈਨ ਸਾਂਝੀਆਂ ਕੀਤੀਆਂ ਸਨ।
ਸ਼ੇਰਬਰੁੱਕ, ਕਿਊਬਿਕ ਦੀ ਬਲਾਇਸ ਦੀ ਮੁਲਾਕਾਤ 30 ਸਾਲਾ ਟੈਚੈਟੋ ਨਾਲ ਦੋ ਸਾਲ ਪਹਿਲਾਂ ਹੋਈ ਸੀ। ਇੱਕ ਮਨੁੱਖਤਾਵਾਦੀ ਪ੍ਰੋਜੈਕਟ ਉੱਤੇ ਕੰਮ ਕਰਨ ਲਈ ਇਹ ਜੋੜਾ ਟੌਗੋ ਗਿਆ ਸੀ। ਉਨ੍ਹਾਂ ਨੇ 20 ਦਸੰਬਰ ਨੂੰ ਉੱਥੇ ਪਹੁੰਚਣਾ ਸੀ। ਬਰਜਰੌਨ ਦੀ ਆਪਣੀ ਬੇਟੀ ਨਾਲ ਆਖਰੀ ਵਾਰੀ ਗੱਲ ਉਸ ਸਮੇਂ ਹੋਈ ਸੀ ਜਦੋਂ ਉਹ ਮਾਲੀ ਵਿੱਚ ਸੀ। ਉਸ ਨੇ ਦੱਸਿਆ ਕਿ ਉਸ ਸਮੇਂ ਬਲਾਇਸ ਕਾਫੀ ਖੁਸ਼ ਲੱਗ ਰਹੀ ਸੀ। ਫੇਸਬੁੱਕ ਗਰੁੱਪ ਅਨੁਸਾਰ ਇਹ ਜੋੜਾ ਜਦੋਂ ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਬੋਬੋ-ਡਿਓਲਾਸੋ ਤੋਂ ਓਆਗਾਡੋਗੋਊ ਦੀ ਰਾਜਧਾਨੀ ਬੁਰਕੀਨਾ ਫਾਸੋ ਜਾ ਰਿਹਾ ਸੀ ਉਦੋਂ ਤੋਂ ਹੀ ਅਚਾਨਕ ਉਨ੍ਹਾਂ ਦਾ ਸੰਪਰਕ ਆਪਣੇ ਪਰਿਵਾਰਾਂ ਨਾਲ ਟੁੱਟ ਗਿਆ।
ਇਸ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਇਸ ਜੋੜੇ ਨੇ ਨਾਲ ਲੱਗਦੇ ਟੋਗੋ ਦੀ ਹੱਦ ਪਾਰ ਕਰ ਲਈ ਹੋਵੇ। ਬਰਜਰੌਨ ਨੇ ਆਖਿਆ ਕਿ ਜੋੜੇ ਦੇ ਲਾਪਤਾ ਹੋਣ ਤੋਂ ਪਹਿਲਾਂ ਹੀ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਉਨ੍ਹਾਂ ਇੱਕ ਜੰਗਲ ਪਾਰ ਕਰਨਾ ਸੀ ਤੇ ਵੈਸੇ ਵੀ ਉਨ੍ਹਾਂ ਨਾਲ ਉਨ੍ਹਾਂ ਦਾ ਸੰਪਰਕ ਟੁੱਟ ਜਾਣਾ ਸੀ। ਪਰ ਉਨ੍ਹਾਂ ਆਖਿਆ ਕਿ ਸਾਨੂੰ ਉਨ੍ਹਾਂ ਦੇ ਜਿਊਂਦੇ ਤੇ ਸਹੀ ਸਲਾਮਤ ਮਿਲਣ ਦੀ ਪੂਰੀ ਆਸ ਹੈ। ਗਲੋਬਲ ਅਫੇਅਰਜ਼ ਕੈਨੇਡਾ ਵੀ 30 ਦਸੰਬਰ ਤੋਂ ਹੀ ਪਰਿਵਾਰ ਦੇ ਸੰਪਰਕ ਵਿੱਚ ਹੈ। ਇਸ ਜੋੜੇ ਦੀ ਭਾਲ ਲਈ ਬੁਰਕੀਨਾ ਫਾਸੋ ਦੇ ਅਧਿਕਾਰੀਆਂ ਨਾਲ ਕੈਨੇਡੀਅਨ ਕਾਉਂਸਲਰ ਲਗਾਤਾਰ ਰਾਬਤਾ ਰੱਖ ਰਹੇ ਹਨ।