ਨਵੀਂ ਦਿੱਲੀ, 2 ਜਨਵਰੀ

ਕੰਝਾਵਾਲਾ ਵਿੱਚ 31 ਦਸੰਬਰ ਦੀ ਰਾਤ ਨੂੰ ਕਾਰ ਸਵਾਰਾਂ ਦੀ ਟੱਕਰ ਨਾਲ ਮਰਨ ਵਾਲੀ 20 ਸਾਲਾ ਅੰਜਲੀ ਆਪਣੇ ਪਰਿਵਾਰ ਦੇ ਸੱਤ ਜੀਆਂ ਦਾ ਸਹਾਰਾ ਸੀ। ਉਹ ਆਪਣੀ ਬਿਮਾਰ ਮਾਂ ਤੇ ਛੇ ਭੈਣ-ਭਰਾਵਾਂ ਦੀ ਦੇਖਭਾਲ ਕਰਦੀ ਸੀ ਤੇ ਪਰਿਵਾਰ ਵਿਚੋਂ ਇਕੱਲੀ ਹੀ ਨੌਕਰੀ ਕਰਦੀ ਸੀ। ਕਾਰ ਸਵਾਰ ਉਸ ਨੂੰ ਟੱਕਰ ਮਾਰਨ ਤੋਂ ਬਾਅਦ ਸੁਲਤਾਨਪੁਰੀ ਤੋਂ ਕੰਝਾਵਾਲਾ ਤੱਕ ਘਸੀਟ ਕੇ ਲੈ ਗਏ। ਪੁਲੀਸ ਨੇ ਇਸ ਮਾਮਲੇ ’ਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ’ਤੇ ਆ ਗਈ। ਉਸ ਦੀ ਇੱਕ ਭੈਣ ਦਾ ਵਿਆਹ ਹੋ ਚੁੱਕਾ ਹੈ। ਉਹ ਆਪਣੀਆਂ ਦੋ ਹੋਰ ਭੈਣਾਂ ਅਤੇ ਉਸ ਨਾਲ ਰਹਿੰਦੇ ਦੋ ਭਰਾਵਾਂ ਦਾ ਇੱਕੋ ਇੱਕ ਸਹਾਰਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਆਪਣੀ ਮਾਂ ਨੂੰ ਇਹ ਕਹਿ ਕੇ ਕੰਮ ਲਈ ਘਰੋਂ ਨਿਕਲੀ ਸੀ ਕਿ ਉਹ 2-3 ਵਜੇ ਤੱਕ ਵਾਪਸ ਆ ਜਾਵੇਗੀ ਪਰ ਉਸ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।