ਲੰਡਨ : ਪੂਰਬੀ ਲੰਡਨ ’ਚ ਕੁੱਝ ਦਿਨ ਪਹਿਲਾਂ ਇਕ ਕਾਰ ਦੀ ਡਿੱਕੀ ’ਚੋਂ ਇਕ ਔਰਤ ਦੀ ਲਾਸ਼ ਮਿਲਣ ਦੀ ਜਾਂਚ ਕਰ ਰਹੀ ਬ੍ਰਿਟਿਸ਼ ਪੁਲਿਸ ਨੇ ਕਤਲ ਦੇ ਸ਼ੱਕ ’ਚ ਉਸ ਦੇ ਭਾਰਤੀ ਮੂਲ ਦੇ ਪਤੀ ਦੀ ਭਾਲ ਸ਼ੁਰੂ ਕਰ ਦਿਤੀ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਇਸ ਮਹੀਨੇ ਦੀ ਸ਼ੁਰੂਆਤ ’ਚ ਅਪਣੀ ਪਤਨੀ ਹਰਸ਼ਿਤਾ ਬਰੇਲਾ ਦਾ ਕਤਲ ਕਰਨ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਹੈ। ਨਾਰਥਹੈਂਪਟਨਸ਼ਾਇਰ ਪੁਲਿਸ ਵਲੋਂ ਐਤਵਾਰ ਨੂੰ ਜਾਰੀ ਇਕ ਅਪਡੇਟ ਬਿਆਨ ਵਿਚ ਚੀਫ ਇੰਸਪੈਕਟਰ ਪਾਲ ਕੈਸ਼ ਨੇ ਕਿਹਾ ਕਿ 60 ਤੋਂ ਵੱਧ ਜਾਸੂਸ ਇਸ ਮਾਮਲੇ ’ਤੇ ਕੰਮ ਕਰ ਰਹੇ ਹਨ ਅਤੇ ਪੁਲਿਸ ਨੇ ਦੋਸ਼ੀ ਪੰਕਜ ਲਾਂਬਾ ਦੀ ਇਕ ਤਸਵੀਰ ਜਾਰੀ ਕੀਤੀ ਹੈ।

ਕੈਸ਼ ਨੇ ਕਿਹਾ, ‘‘ਪੁੱਛ-ਪੜਤਾਲ ਤੋਂ ਬਾਅਦ ਸਾਨੂੰ ਸ਼ੱਕ ਹੈ ਕਿ ਹਰਸ਼ਿਤਾ ਦਾ ਕਤਲ ਇਸ ਮਹੀਨੇ ਦੀ ਸ਼ੁਰੂਆਤ ’ਚ ਉਸ ਦੇ ਪਤੀ ਪੰਕਜ ਲਾਂਬਾ ਨੇ ਨਾਰਥਹੈਂਪਟਨਸ਼ਾਇਰ ’ਚ ਕੀਤਾ ਸੀ।’’ ਨਾਰਥਹੈਂਪਟਨਸ਼ਾਇਰ ਪੁਲਿਸ ਨੇ ਹਫਤੇ ਦੇ ਅੰਤ ’ਚ ਕਤਲ ਦੀ ਜਾਂਚ ਸ਼ੁਰੂ ਕੀਤੀ, ਜਿਸ ’ਚ ਪੀੜਤਾ ਦਾ ਨਾਮ ਹਰਸ਼ਿਤਾ ਬ੍ਰੇਲਾ ਦਸਿਆ ਗਿਆ ਸੀ ਜੋ ਲੰਡਨ ’ਚ ਇਕ ਕਾਰ ਦੀ ਡਿੱਕੀ ’ਚ ਮਿਲੀ ਸੀ।

ਪੀੜਤ ਦੀ ਲਾਸ਼ ਵੀਰਵਾਰ ਸਵੇਰੇ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ਵਿਚ ਬ੍ਰਿਸਬੇਨ ਰੋਡ ’ਤੇ ਇਕ ਗੱਡੀ ਦੀ ਡਿੱਕੀ ਵਿਚੋਂ ਮਿਲੀ। ਉਸ ਦਾ ਪੋਸਟਮਾਰਟਮ ਸ਼ੁਕਰਵਾਰ ਨੂੰ ਲੈਸਟਰ ਰਾਇਲ ਇਨਫਰਮਰੀ ਵਿਖੇ ਕੀਤਾ ਗਿਆ।

ਈਸਟ ਮਿਡਲੈਂਡਜ਼ ਸਪੈਸ਼ਲ ਆਪਰੇਸ਼ਨਜ਼ ਮੇਜਰ ਕ੍ਰਾਈਮ ਯੂਨਿਟ (ਈ.ਐਮ.ਐਸ.ਓ.ਯੂ.) ਦੇ ਸੀਨੀਅਰ ਜਾਂਚ ਅਧਿਕਾਰੀ ਡਿਟੈਕਟਿਵ ਚੀਫ ਇੰਸਪੈਕਟਰ ਜੌਨੀ ਕੈਂਪਬੈਲ ਨੇ ਕਿਹਾ ਕਿ ਈ.ਐਮ.ਐਸ.ਓ.ਯੂ. ਅਤੇ ਨਾਰਥਹੈਂਪਟਨਸ਼ਾਇਰ ਪੁਲਿਸ ਦੇ ਜਾਸੂਸ ਔਰਤ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ।