ਓਟਵਾ, 24 ਫਰਵਰੀ : ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਉਮੀਦਵਾਰ ਪੀਟਰ ਮੈਕੇਅ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਬਨਣ ਵਾਲੀ ਕੰਜ਼ਰਵੇਟਿਵ ਸਰਕਾਰ ਕਾਰਬਨ ਟੈਕਸ ਖ਼ਤਮ ਕਰ ਦੇਵੇਗੀ। ਪਰ ਉਨ੍ਹਾਂ ਆਖਿਆ ਕਿ ਅਸੀਂ ਪੈਰਿਸ ਕਲਾਇਮੇਟ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰਨ ਦੀ ਕੋਸਿ਼ਸ਼ ਕਰਾਂਗੇ।
ਇੱਕ ਇੰਟਰਵਿਊ ਦੌਰਾਨ ਮੈਕੇਅ ਨੇ ਆਖਿਆ ਕਿ ਘਰੇਲੂ ਪੱਧਰ ਉੱਤੇ ਕਾਰਬਨ ਟੈਕਸ ਲਾਏ ਬਿਨਾ ਵੀ ਕੈਨੇਡਾ ਕਲਾਈਮੇਟ ਚੇਂਜ ਮਾਮਲੇ ਵਿੱਚ ਗਲੋਬਲ ਲੀਡਰ ਬਣ ਸਕਦਾ ਹੈ। ਉਨ੍ਹਾਂ ਆਖਿਆ ਕਿ ਕੈਨੇਡੀਅਨ ਨਵੇਕਲੀਆਂ ਕਾਢਾਂ ਰਾਹੀਂ ਤੇ ਗਲੋਬਲ ਪੱਧਰ ਉੱਤੇ ਕਲਾਈਮੇਟ ਚੇਂਜ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਵਿੱਚ ਯੋਗਦਾਨ ਪਾ ਕੇ ਨਵੀਆਂ ਪੈੜਾਂ ਪਾ ਸਕਦੇ ਹਾਂ ਕਿਉਂਕਿ ਅਸੀਂ ਕੋਈ ਸਮੱਸਿਆ ਨਹੀਂ ਹਾਂ। ਸਾਡੇ ੳੱੁਤੇ ਆਪਣੀ ਹਿੱਸੇ ਆਈ ਜਿ਼ੰਮੇਵਾਰੀ ਨਿਭਾਉਣ ਦਾ ਬੋਝ ਹੈ ਪਰ ਸਾਨੂੰ ਲੱਗਦਾ ਹੈ ਕਿ ਸਾਡਾ ਨਜ਼ਰੀਆ ਵੱਡਾ ਹੈ ਤੇ ਅਸੀਂ ਗਲੋਬਲ ਪੱਧਰ ਉੱਤੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘੱਟ ਕਰਨ ਲਈ ਠੋਸ ਕੋਸਿ਼ਸ਼ਾਂ ਕਰ ਸਕਦੇ ਹਾਂ।
ਮੈਕੇਅ ਨੇ ਆਖਿਆ ਕਿ ਜਿੱਥੋਂ ਤੱਕ ਪੈਰਿਸ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਕਰਨ ਦੀ ਗੱਲ ਹੈ ਤਾਂ ਸਾਡੀ ਸਰਕਾਰ ਉਹ ਪੂਰੀਆਂ ਕਰਨ ਦੀ ਕੋਸਿ਼ਸ਼ ਕਰੇਗੀ। ਇਹ ਬਹੁਤ ਹੀ ਮਹੱਤਵਕਾਂਖੀ ਹੈ। ਉਨ੍ਹਾਂ ਆਖਿਆ ਕਿ ਕਾਰਬਨ ਟੈਕਸ ਲਾਉਣਾ ਤਾਂ ਸਮੱਸਿਆ ਦਾ ਹੱਲ ਨਹੀਂ ਹੈ। ਕਾਰਬਨ ਟੈਕਸ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘੱਟ ਨਹੀਂ ਕਰਦਾ ਸਗੋਂ ਪ੍ਰਦੂਸ਼ਣ ਫੈਲਾਉਣ ਦਾ ਲਾਇਸੰਸ ਦਿੰਦਾ ਹੈ।
ਮੈਕੇਅ ਨੇ ਆਖਿਆ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਫੌਜ ਉੱਤੇ ਕੀਤੇ ਜਾਣ ਵਾਲੇ ਖਰਚੇ ਨੂੰ ਤਰਜੀਹ ਦੇਣਗੇ। ਉਹ ਨਾਟੋ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ ਦੋ ਫੀ ਸਦੀ ਫੌਜ ਲਈ ਦੇਣਗੇ। ਉਨ੍ਹਾਂ ਆਖਿਆ ਕਿ ਕੈਨੇਡਾ ਨੂੰ ਅਜਿਹਾ ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਆਖਿਆ ਕਿ ਉਹ ਸਿਰਫ ਇਹ ਆਖਣਾ ਚਾਹੁੰਦੇ ਹਨ ਕਿ ਸਾਨੂੰ ਨਾਟੋ ਨਾਲ ਕੀਤੀ ਆਪਣੀ ਵਚਨਬੱਧਤਾ ਨੂੰ ਪੁਗਾਉਣ ਲਈ ਨੌਰਥ ਅਮਰੀਕਾ ਵਿੱਚ ਕੁੱਝ ਹੋਰ ਕਰਨਾ ਚਾਹੀਦਾ ਹੈ। ਕੈਨੇਡਾ ਵੱਲੋਂ ਇਸ ਵਚਨਬੱਧਤਾ ਉੱਤੇ ਸਹੀ ਪਾਈ ਗਈ ਹੈ ਪਰ ਅਜੇ ਤੱਕ ਇਸ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਨੂੰ ਆਲੋਚਨਾ ਦਾ ਸਿ਼ਕਾਰ ਹੋਣਾ ਪਿਆ ਹੈ।
ਜਦੋਂ ਤੋਂ ਮੈਕੇਅ ਨੇ ਟੋਰੀ ਲੀਡਰਸਿ਼ਪ ਦੌੜ ਲਈ ਆਪਣਾ ਨਾਂ ਦਿੱਤਾ ਹੈ ਉਦੋਂ ਤੋਂ ਹੀ ਫਰੈਂਚ ਭਾਸ਼ਾ ਦੀ ਉਨ੍ਹਾਂ ਦੀ ਕਾਬਲੀਅਤ ੳੱੁਤੇ ਸਵਾਲ ਉੱਠ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਫਰੈਂਚ ਤੇ ਅੰਗਰੇਜ਼ੀ ਭਾਸ਼ਾ ਵਿੱਚ ਮਾਹਰ ਹੋਣਾ ਚਾਹੀਦਾ ਹੈ। ਇੰਟਰਵਿਊ ਦੌਰਾਨ ਮੈਕੇਅ ਨੇ ਫਰੈਂਚ ਵੀ ਬੋਲਣੀ ਸੁ਼ਰੂ ਕੀਤੀ ਪਰ ਫਿਰ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਮੁੜ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਇਹ ਵੀ ਆਖਿਆ ਕਿ ਹਾਲ ਦੀ ਘੜੀ ਉਨ੍ਹਾਂ ਨੂੰ ਬਹੁਤ ਘਟ ਫਰੈਂਚ ਬੋਲਣ ਦੀ ਲੋੜ ਪੈਂਦੀ ਹੈ ਪਰ ਉਹ ਇਸ ਵਿੱਚ ਸੁਧਾਰ ਕਰ ਲੈਣਗੇ।