ਪਠਾਨਕੋਟ, 4 ਅਕਤੂਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਖੇਤੀ ਸਾਜ਼ੋ-ਸਾਮਾਨ ਅਤੇ ਹੋਰ ਸਬੰਧਤ ਵਸਤਾਂ ’ਤੇ ਜੀਐਸਟੀ ਲਾਉਣ ਦਾ ਫ਼ੈਸਲਾ ਪਹਿਲਾਂ ਹੀ ਸੰਕਟ ਨਾਲ ਜੂਝ ਰਹੀ ਕਿਸਾਨੀ ਦਾ ਲੱਕ ਤੋੜ ਕੇ ਰੱਖ ਦੇਵੇਗਾ। ਸ੍ਰੀ ਜਾਖੜ ਨੇ ਸੁਜਾਨਪੁਰ ਵਿੱਚ ਪਾਰਟੀ ਵਰਕਰਾਂ ਨਾਲ ਲੜੀਵਾਰ ਮੀਟਿੰਗਾਂ ਦੌਰਾਨ ਕਿਹਾ ਕਿ ਇੱਕ ਪਾਸੇ ਤਾਂ ਬਾਦਲ ਸਰਕਾਰ ਨੇ ਕਿਸਾਨਾਂ ਨੂੰ ਧੇਲੇ ਦੀ ਸਹਾਇਤਾ ਨਾ ਦੇ ਕੇ ਉਨ੍ਹਾਂ ਦਾ ਜੀਵਨ ਤਬਾਹ ਕਰ ਦਿੱਤਾ, ਦੂਜੇ ਪਾਸੇ ਮੋਦੀ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ’ਤੇ ਪਹਿਰਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਅਕਾਲੀਆਂ ਨੇ ਕਦੇ ਵੀ ਕੇਂਦਰ ਸਰਕਾਰ ਕੋਲ ਮੂੰਹ ਨਹੀਂ ਖੋਲ੍ਹਿਆ ਜਦ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸਦਾ ਹੀ ਕਾਰਜਸ਼ੀਲ ਰਹੀ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਫੈਸਲੇ ਨੇ ਮੁਲਕ ਦੀ ਆਰਥਿਕਤਾ ਨੂੰ ਲੀਹੋਂ ਲਾਹ ਦਿੱਤਾ ਹੈ, ਜਿਸ ਦਾ ਪ੍ਰਭਾਵ ਅਗਲੇ ਹੋਰ ਤਿੰਨ ਸਾਲ ਜਾਰੀ ਰਹੇਗਾ।
ਸ੍ਰੀ ਜਾਖੜ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਕਾਂਗਰਸ ਦੇ ਹੱਕ ’ਚ ਵੋਟ ਪਾਉਣ ਅਤੇ ਭਾਜਪਾ ਉਮੀਦਵਾਰ ਨੂੰ ਰੱਦ ਕਰਨ ਦਾ ਸੱਦਾ ਦਿੱਤਾ। ਚੋਣ ਮੀਟਿੰਗਾਂ ਵਿੱਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਵਿਧਾਇਕ ਰਾਜ ਕੁਮਾਰ ਚੱਬੇਵਾਲ ਵੀ ਹਾਜ਼ਰ ਸਨ।