ਮੁੰਬਈ: ਮੈਲਬਰਨ ਵਿੱਚ ਹੋਣ ਜਾ ਰਹੇ 14ਵੇਂ ਭਾਰਤੀ ਫਿਲਮ ਫੈਸਟੀਵਲ ਦੌਰਾਨ ਇਸ ਵਾਰ ਅਦਾਕਾਰ ਕਾਰਤਿਕ ਆਰੀਅਨ ਨੂੰ ਰਾਈਜ਼ਿੰਗ ਗਲੋਬਲ ਸੁਪਰਸਟਾਰ ਆਫ ਇੰਡੀਅਨ ਸਿਨੇਮਾ ਐਵਾਰਡ ਨਾਲ ਸਨਮਾਨਿਆ ਜਾਵੇਗਾ। ਫੈਸਟੀਵਲ ਦੇ ਪ੍ਰਬੰਧਕਾਂ ਅਨੁਸਾਰ ਕਾਰਤਿਕ ਨੂੰ ਇਹ ਐਵਾਰਡ ਫੈਸਟੀਵਲ ਦੇ ਪਹਿਲੇ ਦਿਨ 11 ਅਗਸਤ ਨੂੰ ਸਾਲਾਨਾ ਗਾਲਾ ਨਾਈਟ ਵੇਲੇ ਦਿੱਤਾ ਜਾਵੇਗਾ। ਕਾਰਤਿਕ ਨੂੰ ਇਹ ਐਵਾਰਡ ਭਾਰਤੀ ਸਿਨੇਮਾ ਜਗਤ ਵਿੱਚ ਉਸ ਵੱਲੋਂ ਪਾਏ ਯੋਗਦਾਨ ਬਦਲੇ ਵਿਕਟੋਰੀਆ ਦੇ ਰਾਜਪਾਲ ਦੇਣਗੇ। ਇਸ ਬਾਰੇ ਗੱਲ ਕਰਦਿਆਂ ਅਦਾਕਾਰ ਨੇ ਕਿਹਾ, ‘ਮੈਂ ਵਿਕਟੋਰੀਆ ਸਰਕਾਰ ਅਤੇ ਭਾਰਤੀ ਫਿਲਮ ਫੈਸਟੀਵਲ ਦੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਮੈਨੂੰ ਇਹ ਮਾਣ ਬਖ਼ਸ਼ਿਆ ਹੈ।’ ਅਦਾਕਾਰ ਨੇ ਕਿਹਾ, ‘ਭਾਰਤੀ ਸਿਨੇਮਾ ਵਿੱਚ ਕੰਮ ਨੂੰ ਸਰਾਹਿਆ ਜਾਣਾ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਮੈਨੂੰ ਸਦਾ ਹੀ ਇਸ ਗੱਲ ’ਤੇ ਯਕੀਨ ਰਿਹਾ ਹੈ ਕਿ ਚੰਗੀਆਂ ਕਹਾਣੀਆਂ ਦਰਸ਼ਕਾਂ ਨੂੰ ਕੀਲ ਲੈਂਦੀਆਂ ਹਨ। ਮੈਂ ਅੱਗੇ ਵੀ ਸਿਨੇਮਾ ਜਗਤ ਦੇ ਇਸ ਸਫ਼ਰ ਵਿੱਚ ਹੋਰ ਅਜਿਹੇ ਜਸ਼ਨ ਮਾਨਣੇ ਚਾਹੁੰਦਾ ਹਾਂ।’ ਜ਼ਿਕਰਯੋਗ ਹੈ ਕਿ ਇਹ ਐਵਾਰਡ ਸਮਾਗਮ ਮੈਲਬਰਨ ਵਿੱਚ 11 ਤੋਂ 20 ਅਗਸਤ ਤੱਕ ਚੱਲੇਗਾ।