ਮੁੰਬਈ, 3 ਮਈ

ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਅੱਜ ਇੱਥੇ ਸੋਸ਼ਲ ਮੀਡੀਆ ’ਤੇ ਮਾਸਕ ਨਾ ਪਾਉਣ ਵਾਲਿਆਂ ਨੂੰ ਨਸੀਹਤ ਦਿੰਦਿਆਂ ਇੱਕ ਤਸਵੀਰ ਸਾਂਝੀ ਕੀਤੀ, ਕਿ ਕਿਵੇਂ ਮਾਸਕ ਨਾ ਪਾਉਣ ’ਤੇ ਵਾਇਰਸ ਸਰੀਰ ਅੰਦਰ ਦਾਖ਼ਲ ਹੁੰਦਾ ਹੈ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇਸ ਤਸਵੀਰ ਵਿੱਚ ਕਾਰਤਿਕ ਇੱਕ ਪਾਰਕ ਵਿੱਚ ਡਾਇਨਾਸੋਰ ਦੇ ਬੁੱਤ ਨੇੜੇ ਬੈਠਾ ਹੋਇਆ ਹੈ ਅਤੇ ਉਸ ਨੇ ਆਪਣਾ ਸਿਰ ਡਾਇਨਾਸੋਰ ਦੇ ਚੌੜੇ-ਖੁੱਲ੍ਹੇ ਜਬਾੜਿਆਂ ਵੱਲ ਝੁਕਾਇਆ ਹੋਇਆ ਹੈ। ਤਸਵੀਰ ਦੇ ਹੇਠਾਂ ਕੈਪਸ਼ਨ ਵਿੱਚ ਕਾਰਤਿਕ ਨੇ ਲਿਖਿਆ, ‘‘ਮਾਸਕ ਨਾ ਪਾਉਣ ਵਾਲਿਆਂ ਵੱਲ ਖਿਸਕਦਾ ਹੋਇਆ ਕਰੋਨਾ, ਜਿਵੇਂ…।’’ ਅਦਾਕਾਰ ਲਗਾਤਾਰ ਹਾਸਾ-ਮਜ਼ਾਕ ਕਰਦਿਆਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਅਤੇ ਟੀਕਾਕਰਨ ਸਬੰਧੀ ਜਾਗਰੂਕਤਾ ਕਰ ਰਿਹਾ ਹੈ। ਫਿਲਮੀ ਦੁਨੀਆ ਦੀ ਗੱਲ ਕਰੀੲੇ ਤਾਂ ਕਾਰਤਿਕ ਆਪਣੀ ਆਉਣ ਵਾਲੀ ਕਾਮੇਡੀ ਫਿਲਮ ‘ਭੂਲ ਭੁਲੱਈਆ-2’ ਦੇ ਕੰਮ ਵਿੱਚ ਰੁੱਝਿਆ ਹੋਇਆ ਹੈ, ਜਿਸ ਵਿੱਚ ਉਹ ਤੱਬੂ ਅਤੇ ਕਿਆਰਾ ਅਡਵਾਨੀ ਨਾਲ ਨਜ਼ਰ ਆਵੇਗਾ। ਇਹ ਫਿਲਮ ‘ਭੂਲ ਭੁਲੱਈਆ’ ਦਾ ਹੀ ਅਗ਼ਲਾ ਹਿੱਸਾ ਹੈ ਅਤੇ ਇਸ ਸਾਲ ਨਵੰਬਰ ਵਿੱਚ ਸਿਨੇਮਾ ਘਰਾਂ ’ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਕਾਰਤਿਕ ਰਾਮ ਮਾਧਵਨ ਦੀ ਫਿਲਮ ‘ਧਮਾਕਾ’ ਵਿੱਚ ਵੀ ਨਜ਼ਰ ਆਵੇਗਾ ਅਤੇ ਇਹ ਫਿਲਮ ਜਲਦੀ ਹੀ ਆਨਲਾਈਨ ਰਿਲੀਜ਼ ਕੀਤੀ ਜਾਵੇਗੀ। ਕਾਰਤਿਕ ਹਾਲ ਹੀ ਵਿੱਚ ਕਰਨ ਜੌਹਰ ਦੀ ਫਿਲਮ ‘ਦੋਸਤਾਨਾ-2’ ਵਿੱਚੋਂ ਬਾਹਰ ਹੋਣ ਕਾਰਨ ਸੁਰਖੀਆਂ ਵਿੱਚ ਸੀ।