ਕਾਬੁਲ, 1 ਸਤੰਬਰ
ਅਮਰੀਕੀ ਫੌਜਾਂ ਵੱਲੋਂ ਅਫਗਾਨਿਸਤਾਨ ਵਿੱਚੋਂ ਪੂਰੀ ਤਰ੍ਹਾਂ ਹਟਣ ਮਗਰੋਂ ਤਾਲਿਬਾਨ ਨੇ ਕਾਬੁਲ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਹੈ। ਇਸ ਕਾਰਨ ਅਫ਼ਗਾਨ ਛੱਡਣ ਦੇ ਇਛੁੱਕ ਲੋਕ ਹੁਣ ਸੁਰੱਖਿਅਤ ਰਸਤੇ ਦੀ ਭਾਲ ਵਿੱਚ ਦੇਸ਼ ਦੀਆਂ ਸਰਹੱਦਾਂ ’ਤੇ ਇਕੱਠੇ ਹੋ ਰਹੇ ਤਾਂ ਕਿ ਉਹ ਪਾਕਿਸਤਾਨ, ਇਰਾਨ ਜਾਂ ਕੇਂਦਰੀ ਏਸ਼ੀਅਨ ਦੇਸ਼ਾਂ ਵਿੱਚ ਜਾ ਸਕਣ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦੇ ਨਾਲ ਲੱਗਦੇ ਪਾਕਿਸਤਾਨ ਦੇ ਤੁਰਖਾਮ ਬਾਰਡਰ ’ਤੇ ਅਫਗਾਨੀ ਲੋਕਾਂ ਦੀ ਭੀੜ ਲੱਗੀ ਹੋਈ ਹੈ। ਤੁਰਖਾਮ ਬਾਰਡਰ ਖੈਬਰ ਦੱਰੇ ਦੇ ਪੂਰਬ ਵਿੱਚ ਪੈਂਦਾ ਹੈ। ਇਸੇ ਦੌਰਾਨ ਇਕ ਪਾਕਿਸਤਾਨੀ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਪਾਰ ਕਰਨ ਦੇ ਇਛੁੱਕ ਅਫਗਾਨ ਨਾਗਰਿਕਾਂ ਨੂੰ ਤੁਰਖਾਮ ਬਾਰਡਰ ਦੇ ਗੇਟ ਖੁੱਲ੍ਹਣ ਦੀ ਉਡੀਕ ਹੈ। ਅਫਗਾਨਿਸਤਾਨ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਸ਼ ਵਿੱਚ ਬੈਂਕ, ਹਸਪਤਾਲ ਤੇ ਸਰਕਾਰੀ ਮਸ਼ੀਨਰੀ ਆਮ ਵਾਂਗ ਕੰਮ ਕਰੇ। ਇਸੇ ਦੌਰਾਨ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਨਾਲ ਲੱਗਦੇ ਇਰਾਨ ਦੇ ਇਸਲਾਮ ਕਾਲਾ ਪੋਸਟ ’ਤੇ ਵੀ ਹਜ਼ਾਰਾਂ ਅਫਗਾਨੀ ਨਾਗਰਿਕ ਸਰਹੱਦ ਪਾਰ ਕਰਨ ਦੀ ਉਡੀਕ ਵਿੱਚ ਹਨ।