ਚੰਡੀਗੜ, 18 ਅਪ੍ਰੈਲ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਹੈ ਕਿ ਕਾਂਗਰਸ ਪਾਰਟੀ 20 ਅਪ੍ਰੈਲ ਨੂੰ ‘‘ਜੈਕਾਰਾ ਜੈ ਘੋਸ਼ ਦਿਵਸ’’ ਮਨਾਏਗੀ ਤਾਂ ਜੋ ਇਸ ਦਿਨ ਇਕ ਪਾਸੇ ਜਿੱਥੇ ਸਾਡੇ ਕਰੋਨਾਂ ਯੋਧਿਆਂ ਦਾ ਸ਼ੁਕਰੀਆਂ ਕਿਹਾ ਜਾ ਸਕੇ ਉਥੇ ਹੀ ਪੰਜਾਬ ਸਰਕਾਰ ਨਾਲ ਇਕਜੁੱਟਤਾ ਪ੍ਰਗਟ ਕਰਨ ਦੇ ਨਾਲ ਨਾਲ ਕੇਂਦਰ ਸਰਕਾਰ ਤੱਕ ਪੰਜਾਬ ਨੂੰ ਵਿੱਤੀ ਪੈਕੇਜ ਦੇਣ ਦੀ ਮੰਗ ਵੀ ਉਠਾਈ ਜਾ ਸਕੇ।

ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਦੱਸਿਆ ਕਿ ਇਸ ਸਮੇਂ ਅਸੀਂ ਕੋਰੋਨਾ (ਕੋਵਿਡ 19) ਬਿਮਾਰੀ ਖਿਲਾਫ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਲੜ ਰਹੇ ਹਾਂ। ਇਹ ਇਕ ਅਜਿਹੀ ਕੁਦਰਤੀ ਆਫਤ ਸਾਡੇ ਸਭ ਤੇ ਆਣ ਪਈ ਹੈ ਜਿਸ ਦਾ ਸਾਨੂੰ ਚਿੱਤ ਚੇਤਾ ਵੀ ਨਹੀਂ ਸੀ। ਪਰ ਫਿਰ ਵੀ ਪੰਜਾਬ ਨੇ ਇਸ ਬਿਮਾਰੀ ਨੂੰ ਹਰਾਉਣ ਲਈ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿਚ ਆਪਣੀ ਸਮੱਰਥਾ ਨੂੰ ਪਹਿਚਾਣਿਆ ਹੈ ਅਤੇ ਅਸੀਂ ਇਸ ਦੇ ਪਸਾਰ ਨੂੰ ਕਾਫੀ ਹੱਦ ਤੱਕ ਕਾਬੂ ‘ਚ ਰੱਖਣ ਵਿਚ ਕਾਮਯਾਬ ਹੋਏ ਹਾਂ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਤੱਕ ਲਗਾਤਾਰ ਇਹ ਮੰਗ ਉਠਾਈ ਜਾ ਰਹੀ ਹੈ ਕਿ ਇਸ ਮੁਸਕਿਲ ਦੌਰ ਵਿਚ ਕੇਂਦਰ ਸਰਕਾਰ ਸੂਬਿਆਂ ਦੀ ਮਦਦ ਕਰੇ ਤਾਂ ਜੋ ਉਹ ਇਸ ਔਖੇ ਸਮੇਂ ਵਿਚ ਜਿੰਨਾਂ ਆਰਥਿਕ ਔਂਕੜਾਂ ਦਾ ਸਾਹਮਣਾ ਕਰ ਰਹੇ ਹਨ ਉਨਾਂ ਤੋਂ ਬਚ ਸਕਨ।

ਇਸ ਲਈ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਮੰਗ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਤੱਕ ਪੰਜਾਬ ਦੀ ਅਵਾਜ ਪਹੁੰਚਾਉਣ ਲਈ ਅਤੇ ਸਾਡੇ ਸਮੂਚੇ ਡਾਕਟਰੀ ਅਮਲੇ, ਪੁਲਿਸ ਵਿਭਾਗ, ਸਫਾਈ ਕਰਮੀਆਂ, ਸਮਾਜ ਸੇਵੀਆਂ ਅਤੇ ਹੋਰ ਸਾਰੇ ਵਿਭਾਗਾਂ ਦਾ ਸਾਡੇ ਵੱਲੋਂ ਧੰਨਵਾਦ ਕਰਨ ਲਈ ਮਿਤੀ 20 ਅਪੈਲ 2020 ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਆਪਣੇ ਘਰਾਂ ਦੇ ਅੰਦਰ ਰਹਿੰਦੇ ਹੋਏ ਹੀ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਬੁਲਾਏ ਜਾਣ ਜਾਂ ‘ਹਰ ਹਰ ਮਹਾਦੇਵ’ ਦਾ ਜੈ ਘੋਸ ਕਰਨ ਕੀਤਾ ਜਾਵੇ। ਉਨਾਂ ਨੇ ਦੱਸਿਆ ਕਿ ਇਸ ਸਬੰਧੀ ਪਾਰਟੀ ਦੇ ਸਮੂਹ ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ‘‘ਜੈਕਾਰਾ ਜੈ ਘੋਸ਼ ਦਿਵਸ’’ ਮਨਾਉਣ ਲਈ ਕਿਹਾ ਗਿਆ ਹੈ।