ਨਵੀਂ ਦਿੱਲੀ, 26 ਨਵੰਬਰ
ਕਾਂਗਰਸ ਨੇ ਅੱਜ ਸੰਸਦ ਦੇ ਦੋਹਾਂ ਸਦਨਾਂ ਦੇ ਆਪਣੇ ਮੈਂਬਰਾਂ ਨੂੰ ਵ੍ਹਿਪ ਜਾਰੀ ਕਰ ਕੇ ਕਿਹਾ ਹੈ ਕਿ ਉਹ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸੰਸਦ ਵਿਚ ਮੌਜੂਦ ਰਹਿਣ। ਆਗਾਮੀ 29 ਨਵੰਬਰ ਨੂੰ ਸਰਕਾਰ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨਾਲ ਸਬੰਧਤ ਬਿੱਲ ਲੈ ਕੇ ਆਵੇਗੀ। ਇਸ ਦੇ ਮੱਦੇਨਜ਼ਰ ਕਾਂਗਰਸ ਨੇ ਵ੍ਹਿਪ ਜਾਰੀ ਕੀਤਾ। ਕਾਬਜ਼ ਧਿਰ ਪਹਿਲਾਂ ਹੀ ਰਾਜ ਸਭਾ ਦੇ ਆਪਣੇ ਮੈਂਬਰਾਂ ਨੂੰ ਵ੍ਹਿਪ ਜਾਰੀ ਕਰ ਕੇ ਸੋਮਵਾਰ ਨੂੰ ਸਦਨ ਵਿਚ ਮੌਜੂਦ ਰਹਿਣ ਲਈ ਕਹਿ ਚੁੱਕੀ ਹੈ। ਮੁੱਖ ਵਿਰੋਧੀ ਪਾਰਟੀ ਨੇ ਆਪਣੇ ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਸੰਸਦ ਵਿਚ ਮੌਜੂਦ ਰਹਿਣ ਅਤੇ ਪਾਰਟੀ ਦੇ ਰੁਖ਼ ਦਾ ਸਮਰਥਨ ਕਰਨ।