ਚੰਡੀਗੜ੍ਹ, 24 ਸਤੰਬਰ
ਕਾਂਗਰਸ ਨੇ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਨੂੰ ਦਾਖਾ, ਸਾਬਕਾ ਆਈਏਐੱਸ ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਜਿਨ੍ਹਾਂ ਅੱਜ ਹੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ, ਨੂੰ ਫਗਵਾੜਾ ਰਾਖ਼ਵੇਂ ਹਲਕੇ, ਯੂਥ ਕਾਂਗਰਸ ਆਗੂ ਰਮਿੰਦਰ ਆਵਲਾ ਨੂੰ ਜਲਾਲਾਬਾਦ ਤੋਂ ਅਤੇ ਮਰਹੂਮ ਵਿਧਾਇਕ ਰਜਨੀਸ਼ ਬੱਬੀ ਦੀ ਪਤਨੀ ਇੰਦੂ ਬਾਲਾ ਨੂੰ ਮੁਕੇਰੀਆਂ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਤਿੰਨ ਹਲਕਿਆਂ ਤੋਂ ਪਾਰਟੀ ਨੇ ਬਾਹਰਲੇ ਉਮੀਦਵਾਰ ਉਤਾਰੇ ਹਨ। ਇਸ ਲਈ ਸਥਾਨਕ ਕਾਂਗਰਸੀ ਆਗੂ ਨਾਰਾਜ਼ ਹਨ। ਜਲਾਲਾਬਾਦ ਤੋਂ ਸਾਬਕਾ ਮੰਤਰੀ ਹੰਸ ਰਾਜ ਜੋਸਨ ਟਿਕਟ ਦੇ ਤਕੜੇ ਦਾਅਵੇਦਾਰ ਸਨ। ਉਹ ਅੱਜ ਵੀ ਇਕ-ਦੋ ਮੰਤਰੀਆਂ ਅਤੇ ਕਾਂਗਰਸੀ ਆਗੂਆਂ ਨੂੰ ਮਿਲੇ ਤੇ ਬਾਹਰਲੇ ਉਮੀਦਵਾਰ ਨੂੰ ਟਿਕਟ ਦੇਣ ਬਾਰੇ ਰੋਸ ਜ਼ਾਹਿਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਲਕੇ ਦੀ ਟਿਕਟ ਦੇ ਫ਼ੈਸਲੇ ਨਾਲ ਅਕਾਲੀ ਦਲ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਹੈ। ਇਸ ਹਲਕੇ ਤੋਂ ਯੂਥ ਕਾਂਗਰਸ ਨਾਲ ਸਬੰਧਤ ਇਕ ਹੋਰ ਦਾਅਵੇਦਾਰ ਨੇ ਐਲਾਨ ਕੀਤਾ ਸੀ ਕਿ ਜੇ ਬਾਹਰਲੇ ਆਗੂ ਨੂੰ ਟਿਕਟ ਦਿੱਤੀ ਗਈ ਤਾਂ ਡੱਟ ਕੇ ਵਿਰੋਧ ਕੀਤਾ ਜਾਵੇਗਾ। ਫਗਵਾੜਾ ਹਲਕੇ ਤੋਂ ਕੁਝ ਹੋਰ ਆਗੂ ਵੀ ਟਿਕਟ ਦੇ ਤਕੜੇ ਦਾਅਵੇਦਾਰ ਸਨ। ਇੱਥੋਂ ਭਾਜਪਾ ਦੇ ਮੌਜੂਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੋ ਵਾਰ ਵਿਧਾਇਕ ਬਣ ਚੁੱਕੇ ਹਨ ਤੇ ਭਾਜਪਾ ਵਿਚ ਵੀ ਟਿਕਟ ਬਾਰੇ ਰੇੜਕਾ ਹੈ। ਇਸ ਹਲਕੇ ਤੋਂ ਵੀ ਫ਼ਸਵੀਂ ਟੱਕਰ ਦੇ ਆਸਾਰ ਹਨ। ਮੁਕੇਰੀਆਂ ਹਲਕਾ ਜਿੱਥੋਂ ਮਰਹੂਮ ਵਿਧਾਇਕ ਦੀ ਪਤਨੀ ਇੰਦੂ ਬਾਲਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਉੱਥੇ ਵੀ ਦੋ-ਤਿੰਨ ਸਥਾਨਕ ਆਗੂ ਟਿਕਟ ਦੇ ਦਾਅਵੇਦਾਰ ਸਨ ਤੇ ਉਹ ਇਕੋ ਪਰਿਵਾਰ ਦੇ ਮੈਂਬਰ ਨੂੰ ਟਿਕਟ ਦੇਣ ਦੇ ਵਿਰੋਧੀ ਹਨ।
ਕੈਪਟਨ ਸਰਕਾਰ ਸਾਰੀਆਂ ਸੀਟਾਂ ਅਸਾਨੀ ਨਾਲ ਜਿੱਤਣ ਲਈ ਆਸਵੰਦ ਹੈ ਪਰ ਰਾਜਸੀ ਹਲਕੇ ਇਸ ਨਾਲ ਸਹਿਮਤ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ਢਿੱਲੀ ਹੈ ਤੇ ਕਾਫ਼ੀ ਮੁਸ਼ੱਕਤ ਕਰਨੀ ਪਵੇਗੀ।
ਇਸ ਦੇ ਨਾਲ ਹੀ ਪੰਜਾਬ ਦੀਆਂ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਅੱਜ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਕਿਸੇ ਵੀ ਹਲਕੇ ਤੋਂ ਕੋਈ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਹੋਇਆ ਹੈ।