ਚੰਡੀਗੜ੍ਹ, 26 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਨੂੰ ਅੱਜ ਅੰਤਿਮ ਛੋਹ ਦੇ ਦਿੱਤੀ ਗਈ ਹੈ| ਕਾਂਗਰਸੀ ਆਗੂ ਰਾਹੁਲ ਗਾਂਧੀ ਦੇ 27 ਜਨਵਰੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਉਮੀਦਵਾਰਾਂ ਦੀ ਇਹ ਦੂਜੀ ਸੂਚੀ ਭਲਕੇ ਜਾਰੀ ਹੋਣ ਦੀ ਸੰਭਾਵਨਾ ਹੈ| ਕੇਂਦਰੀ ਚੋਣ ਕਮੇਟੀ ਦੀ ਸੋਮਵਾਰ ਨੂੰ ਹੋਈ ਮੀਟਿੰਗ ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਦੂਜੀ ਸੂਚੀ ਲਈ 31 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਪਹਿਲਾਂ ਤੋਂ ਹੀ ਬਣਾਈ ਸਬ-ਕਮੇਟੀ ਨੂੰ ਅਧਿਕਾਰ ਦੇ ਦਿੱਤੇ ਸਨ|
ਸੂਤਰਾਂ ਅਨੁਸਾਰ ਕਾਂਗਰਸ ਦੀ ਇਸ ਸਬ ਕਮੇਟੀ ਦੀ ਅੱਜ ਵਰਚੁਅਲ ਮੀਟਿੰਗ ਹੋਈ ਹੈ ਜਿਸ ਵਿਚ ਕਮੇਟੀ ਨੇ 31 ਉਮੀਦਵਾਰਾਂ ਦੇ ਨਾਵਾਂ ਨੂੰ ਅੱਜ ਫਾਈਨਲ ਕਰ ਦਿੱਤਾ ਹੈ ਅਤੇ ਹੁਣ ਇਹ ਸੂਚੀ ਤਿਆਰ ਬਰ ਤਿਆਰ ਹੈ| ਇਸ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮਸ਼ਵਰਾ ਵੀ ਲਿਆ ਗਿਆ ਹੈ| ਇਸ ਸੂਚੀ ਨੇ 13 ਮੌਜੂਦਾ ਵਿਧਾਇਕਾਂ ਦੀ ਉਮੀਦਵਾਰਾਂ ਦਾ ਫੈਸਲਾ ਵੀ ਕਰਨਾ ਹੈ| ਸੂਤਰਾਂ ਅਨੁਸਾਰ ਵਿਧਾਇਕਾ ਸਤਿਕਾਰ ਕੌਰ ਗਹਿਰੀ, ਤਰਸੇਮ ਸਿੰਘ ਡੀਸੀ ਦੀ ਟਿਕਟ ਕੱਟੀ ਜਾਣੀ ਤੈਅ ਹੈ|ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪਹਿਲਾਂ ਹੀ ਕੇਂਦਰੀ ਚੋਣ ਕਮੇਟੀ ਕੋਲ ਸਾਫ਼ ਕਰ ਦਿੱਤਾ ਹੈ ਕਿ ਦਾਗੀ ਵਿਧਾਇਕਾਂ ਨੂੰ ਮੁੜ ਉਮੀਦਵਾਰ ਬਣਾਇਆ ਤਾਂ ਇਸ ਨਾਲ ਪਾਰਟੀ ਦੀ ਸਾਖ਼ ਨੂੰ ਸੱਟ ਵੱਜੇਗੀ ਕਿਉਂਕਿ ਈਡੀ ਵੱਲੋਂ ਪਹਿਲਾਂ ਹੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ| ਦੱਸਦੇ ਹਨ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਕੁਝ ਅਜਿਹੇ ਚਿਹਰਿਆਂ ਦੀ ਸਿਫਾਰਿਸ਼ ਕੀਤੀ ਜਾ ਰਹੀ ਸੀ ਜਿਨ੍ਹਾਂ ’ਤੇ ਉਂਗਲ ਉੱਠਦੀ ਹੈ| ਦੂਜੀ ਸੂਚੀ ਦੇ ਉਮੀਦਵਾਰਾਂ ਦਾ ਆਖ਼ਰੀ ਫੈਸਲਾ ਸਬ ਕਮੇਟੀ ਨੇ ਲਿਆ ਹੈ ਜਿਸ ’ਤੇ ਹੁਣ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਨਗੀ ਲਈ ਜਾਣੀ ਹੈ| ਚੇਤੇ ਰਹੇ ਕਿ ਕਾਂਗਰਸ ਨੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ|