ਚੰਡੀਗੜ੍ਹ ,ਕਾਂਗਰਸ ਵੱਲੋਂ ਜ਼ੋਰ ਸ਼ੋਰ ਨਾਲ ‘ਗੰਨਮੈਨ’ ਸਭਿਆਚਾਰ ਨੂੰ ਨਕਾਰਨ ਦੇ ਬਾਵਜੂਦ ਸੱਤਾ ਦੇ ਦੱਸ ਮਹੀਨਿਆਂ ਵਿੱਚ ਪਾਰਟੀ ਵਿੱਚ ਇਹ ਸਭਿਆਚਾਰ ਮੁੜ ਜੜ੍ਹਾਂ ਫੜਨ ਲੱਗਾ ਹੈ। ਵੱਡੀ ਗਿਣਤੀ ਪਾਰਟੀ ਆਗੂ, ਜਿਨ੍ਹਾਂ ਵਿੱਚ ਗੈਰ ਵਿਧਾਇਕ, ਜ਼ਿਲ੍ਹਾ ਪ੍ਰਧਾਨ ਅਤੇ ਯੂਥ ਆਗੂ ਸ਼ਾਮਲ ਹਨ ਨੂੰ ਜਾਨ ਨੂੰ ਖਤਰੇ ਦੇ ਮੱਦੇਨਜ਼ਰ ਪੁਲੀਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਸੂਤਰਾਂ ਅਨੁਸਾਰ ਇਸ ਦੇ ਪਿੱਛੇ ‘ਵੀਆਈਪੀ’ ਦਿਸਣ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਗੰਨਮੈਨਾਂ ਦੇ ਨਾਲ ਹੀ ਕਈ ਆਗੂਆਂ ਨੂੰ ਦੋ ਦੋ ਵਾਹਨ ਮਿਲੇ ਹਨ ਜਿਨ੍ਹਾਂ ਵਿਚੋਂ ਇਕ ਪੁਲੀਸ ਐਸਕੌਰਟ ਹੈ। ਇਹ ਸਭ ਪਾਰਟੀ ਲੀਡਰਸ਼ਿਪ ਦੇ ਬਿਆਨਾਂ ਦੇ ਪੂਰੀ ਤਰ੍ਹਾਂ ਉਲਟ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ‘ਵੀਆਈਪੀ’ ਦਿੱਸਣ ਲਈ ਪੁਲੀਸ ਗੰਨਮੈਨ ਰੱਖਣ ਖ਼ਿਲਾਫ਼ ਮੁਹਿੰਮ ਦੀ ਅਗਵਾਈ ਕੀਤੀ ਸੀ। ਪੁਲੀਸ ਅਤੇ ਕਾਂਗਰਸ ਪਾਰਟੀ ਵਿਚਲੇ ਸੂਤਰਾਂ ਅਨੁਸਾਰ ਹਾਲ ਹੀ ਵਿੱਚ ਸੰਪੰਨ ਹੋਈਆਂ ਮਿਉਂਸਿਪਲ ਚੋਣਾਂ ਤੋਂ ਬਾਅਦ ਜ਼ਿਆਦਾਤਰ ਆਗੂਆਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਕੁਝ ਆਗੂ ਧਾਰਮਿਕ ਅਤੇ ਰਾਜਨੀਤਕ ਆਗੂਆਂ ਦੀ ਹੱਤਿਆ ਦੇ ਮੱਦੇਨਜ਼ਰ ਪਹਿਲਾਂ ਹੀ ਪੁਲੀਸ ਐਸਕੌਰਟ ਦਾ ਸੁੱਖ ਮਾਣ ਰਹੇ ਹਨ। ਕਾਂਗਰਸ ਦੇ ਕੁਝ ਆਗੂਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕੱਟੜਵਾਦੀਆਂ ਵੱਲੋਂ ਮਿਲੀਆਂ ਧਮਕੀਆਂ ਕਾਰਨ ਉਨ੍ਹਾਂ ਨੂੰ ਸੁਰੱਖਿਆ ਚਾਹੀਦੀ ਸੀ। ਕੁਝ ਦਾ ਕਹਿਣਾ ਸੀ ਕਿ ਭਾਵੇਂ ਉਨ੍ਹਾਂ ਨੇ ਚੋਣਾਂ ਨਹੀਂ ਲੜੀਆਂ ਤੇ ਨਾ ਹੀ ਜਿੱਤ ਦਰਜ ਕੀਤੀ ਹੈ ਪਰ ਉਨ੍ਹਾਂ ਨੇ ਲੋਕਾਂ ਵਿੱਚ ਵਿਚਰਨਾ ਹੈ ਤੇ ਪੁਲੀਸ ਸੁਰੱਖਿਆ ਉਨ੍ਹਾਂ ਨੂੰ ਲੋਕਾਂ ਵਿੱਚ ਖੁੱਲ੍ਹਦਿਲੀ ਨਾਲ ਵਿਚਰਨ ਵਿੱਚ ਮਦਦ ਕਰਦੀ ਹੈ।
ਦੂਜੇ ਪਾਸੇ ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਗੰਨਮੈਨ ਸਭਿਆਚਾਰ ਨੂੰ ਹੁਲਾਰਾ ਨਹੀਂ ਦਿੰਦੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਸੁਰੱਖਿਆ ਘਟਾ ਦਿੱਤੀ ਹੈ। ਸੁੱਚਾਈ ਇਹ ਹੈ ਕਿ ਕਈ ਕਾਂਗਰਸ ਆਗੂਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਨਹੀਂ ਦਿੱਤੀ ਗਈ ਹੈ। ਪਰ ਕੁਝ ਮਾਮਲਿਆਂ ਜਿਥੇ ਲੋੜ ਹੈ ਉਥੇ ਪੁਲੀਸ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਥੇ ਲੋੜ ਹੈ ਉਥੇ ਸੁਰੱਖਿਆ ਮੁਹੱਈਆ ਕਰਾਈ ਜਾਵੇਗੀ। ਸ਼ੋ੍ਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵੀਆਈਪੀ ਸਭਿਆਚਾਰ ਦੇ ਮਾਮਲੇ ਵਿੱਚ ਕਾਂਗਰਸ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਵੱਡੀ ਗਿਣਤੀ ਸਥਾਨਕ ਆਗੂ ਧਮਕੀਆਂ ਦੇ ਨਾਂ ’ਤੇ ਪੁਲੀਸ ਸੁਰੱਖਿਆ ਦਾ ਸੁੱਖ ਮਾਣ ਰਹੇ ਹਨ।