ਚੰਡੀਗੜ੍ਹ, 28 ਜੁਲਾਈ

ਯੂਥ ਅਕਾਲੀ ਦਲ ਦੇ ਵਰਕਰਾਂ ਨੇ ਅੱਜ ਇਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਬਣ ਰਹੇ ਸਿਆਸੀ ਗੱਠਜੋੜ ਨੂੰ ਅਨੈਤਿਕ ਤੇ ਮੌਕਾਪ੍ਰਸਤੀ ਦੀ ਇੰਤਹਾ ਕਰਾਰ ਦਿੰਦਿਆਂ ਰੋਸ ਮਾਰਚ ਕੀਤਾ। ਇਸ ਮਾਰਚ ਦੀ ਅਗਵਾਈ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕੀਤੀ। ਅਕਾਲੀ ਵਰਕਰਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਤੇ ਕਾਂਗਰਸ ਭਵਨ ਵੱਲ ਜਾਣ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਨੂੰ ਚੰਡੀਗੜ੍ਹ ਪੁਲੀਸ ਨੇ ਭਾਰੀ ਬਲ ਨਾਲ ਰੋਕ ਲਿਆ। ਇਸ ਦੌਰਾਨ ਯੂਥ ਅਕਾਲੀ ਵਰਕਰ ਪੁਲੀਸ ਨਾਲ ਧੱਕਾਮੁੱਕੀ ਹੁੰਦੇ ਵੀ ਨਜ਼ਰ ਆਏ। ਪੁਲੀਸ ਵੱਲੋਂ ਰੋਕੇ ਜਾਣ ’ਤੇ ਅਕਾਲੀ ਵਰਕਰਾਂ ਨੇ ਮੱਧ ਮਾਰਗ ’ਤੇ ਹੀ ਧਰਨਾ ਲਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਦੇ ਨਾਮ ਮੰਗ ਪੱਤਰ ਸੌਂਪਿਆ। ਯੂਥ ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਕਾਂਗਰਸੀ ਆਗੂ ਵੜਿੰਗ ਤੇ ਬਾਜਵਾ ਉਨ੍ਹਾਂ ਦੀ ਬਣਨ ਵਾਲੀ ਗੱਠਜੋੜ ਸਰਕਾਰ ਦੇ ਭਾਈਵਾਲਾਂ ਨੂੰ ਇਸ ਗੱਲ ਲਈ ਰਾਜ਼ੀ ਕਰਨ ਕਿ ਇਸ਼ਤਿਹਾਰਬਾਜ਼ੀ ਤੇ ਫੋਕੀ ਸ਼ੋਹਰਤ ਵਾਸਤੇ ਪੈਸਾ ਬਰਬਾਦ ਨਾ ਕੀਤਾ ਜਾਵੇ ਬਲਕਿ ਇਹ ਪੈਸਾ ਹੜ੍ਹ ਪੀੜ੍ਹਤਾਂ ਨੂੰ ਰਾਹਤ ਦੇਣ ਵਾਸਤੇ ਵਰਤਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ, ਖੇਤ ਮਜ਼ਦੂਰਾਂ ਨੂੰ 20-20 ਹਜ਼ਾਰ ਰੁਪਏ, ਕਿਸਾਨਾਂ ਨੂੰ ਚਾਰੇ ਲਈ 5000 ਰੁਪਏ ਤੇ ਇਕ ਲੱਖ ਰੁਪਏ ਪ੍ਰਤੀ ਪਸ਼ੂ ਦਿੱਤਾ ਜਾਵੇ। ਯੂਥ ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਮਨੁੱਖੀ ਜਾਨਾਂ ਦੇ ਨੁਕਸਾਨ ਲਈ 25 ਲੱਖ ਰੁਪਏ ਪ੍ਰਤੀ ਵਿਅਕਤੀ ਦਿੱਤਾ ਜਾਵੇ।