ਚੰਡੀਗੜ੍ਹ, 30 ਅਕਤੂਬਰ
ਪੰਜਾਬ ਕਾਂਗਰਸ ਵਿੱਚ ਚੱਲ ਰਹੀ ਉੱਥਲ-ਪੁਥਲ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਕਾਂਗਰਸ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਚੱਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨਾਲ ਕਿਸੇ ਕਿਸਮ ਦੀ ਗੱਲਬਾਤ ਚੱਲਣ ਨੂੰ ਖਾਰਜ ਕਰਦਿਆਂ ਕਿਹਾ ਕਿ ਹੁਣ ਗੱਲ ਬਾਤ ਦਾ ਸਮਾਂ ਖਤਮ ਹੋ ਗਿਆ ਹੈ। ਉਨ੍ਹਾਂ ਦਾ ਪਾਰਟੀ ਛੱਡਣ ਦਾ ਫ਼ੈਸਲਾ ਹੀ ਆਖਰੀ ਫ਼ੈਸਲਾ ਹੈ। ਉਹ ਜਲਦ ਹੀ ਪੰਜਾਬ ਵਿੱਚ ਨਵੀਂ ਰਾਜਸੀ ਪਾਰਟੀ ਦਾ ਐਲਾਨ ਕਰਨ ਜਾ ਰਹੇ ਹਨ ਜੋ ਪੰਜਾਬ ਦੇ ਹਿੱਤ ਲਈ ਮਜ਼ਬੂਤੀ ਨਾਲ ਕੰਮ ਕਰੇਗੀ। ਇਸ ਗੱਲ ਦਾ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਵੱਲੋਂ ਉਨ੍ਹਾਂ ਦਾ ਸਮਰਥਨ ਕਰਨ ਲਈ ਧੰਨਵਾਦੀ ਹਾਂ ਪਰ ਹੁਣ ਉਹ ਕਾਂਗਰਸ ਪਾਰਟੀ ’ਚ ਨਹੀਂ ਰਹਿਣਗੇ।