ਲੁਧਿਆਣਾ, 2 ਜਨਵਰੀ

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਕਥਿਤ ਦੋਸ਼ ਲਾਇਆ ਕਿ ਪਾਰਟੀ ਆਗੂਆਂ ਅਤੇ ਵਰਕਰਾਂ ’ਤੇ ਹਮਲੇ ਕਾਂਗਰਸ ਦੇ ਇਸ਼ਾਰੇ ’ਤੇ ਹੋ ਰਹੇ ਹਨ। ਉਨ੍ਹਾਂ ਨੇ ਸੂਬੇ ਅੰਦਰ ਕਾਨੂੰਨ ਅਤੇ ਸ਼ਾਂਤੀ ਦੀ ਸਥਿਤੀ ਕਥਿਤ ਭੰੰਗ ਹੋਣ ਲਈ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਸੂਬਾ ਸਰਕਾਰ ਖ਼ਿਲਾਫ਼ ਇੱਥੇ ਇੱਕ ਰੈਲੀ ਸੰਬੋਧਨ ਕਰਦਿਆਂ ਸ਼ਰਮਾ ਨੇ ਕੁਝ ਲੋਕਾਂ ਵੱਲੋਂ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ’ਚ ਭਾਜਪਾ ਨੇਤਾ ਤੀਕਸ਼ਨ ਸੂਦ ਦੇ ਘਰ ਅੱਗੇ ਗੋਹਾ ਸੁੱਟਣ ਦੀ ਘਟਨਾ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਸ਼ਰਮਾ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਇਸ਼ਾਰੇ ’ਤੇ ਭਾਜਪਾ ਨੇਤਾਵਾਂ ਅਤੇ ਵਰਕਰਾਂ ’ਤੇ ‘ਹਮਲੇ’ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੀਕਸ਼ਨ ਸੂਦ ਦੇ ਘਰ ’ਤੇ ਹਮਲਾ ਕਰਨ ਵਾਲਿਆਂ ਪਛਾਣ ਹੋ ਚੁੱਕੀ ਹੈ। ਇਸ ਮਾਮਲੇ ’ਚ ਕੇਸ ਦਰਜ ਹੋਣ ਦੇ ਬਾਵਜੂਦ ਉਨ੍ਹਾਂ ਲੋਕਾਂ ਨੂੰ ਨਹੀਂ ਫੜਿਆਂ ਜਾ ਰਿਹਾ, ਜਿਨ੍ਹਾਂ ਦਾ ਇਸ ਘਟਨਾ ਪਿੱਛੇ ਹੱਥ ਹੈ। -ਪੀਟੀਆਈ