ਮਲੋਟ,7 ਨਵੰਬਰ

ਪਿਛਲੇ ਦਿਨੀਂ ਮਲੋਟ ਵਿੱਚ ਕਾਂਗਰਸ ਵੱਲੋਂ ਕੀਤੀ ਕਿਸਾਨ ਬਚਾਓ ਰੈਲੀ ਦੌਰਾਨ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਹਾਜ਼ਰੀ ਵਿੱਚ ਇਕ ਵਿਅਕਤੀ ਵੱਲੋਂ ਮੰਚ ਤੋਂ ਹੀ ਖ਼ਾਲਿਸਤਾਨ ਸਬੰਧੀ ਕੀਤੀ ਗਈ ਟਿੱਪਣੀ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਉਸ ਵਿਅਕਤੀ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਪਿੰਡ ਵਿਰਕਾਂ ਖੇੜਾ ਵਿਖੇ ਪੁਲੀਸ ਬੈਰੀਕੇਡਾਂ ‘ਤੇ ਖਾਲਿਸਤਾਨ ਜ਼ਿੰਦਾਬਾਦ ਲਿਖੇ ਝੰਡੇ ਲੱਗੇ ਵੀ ਮਿਲੇ ਸਨ। ਹੁਣ ਸਿਟੀ ਪੁਲੀਸ ਨੇ ਇਸ ਖੇਤਰ ਵਿਚ ਗਰਮਾ ਰਹੇ ਮਹੌਲ ਨੂੰ ਕਾਬੂ ’ਚ ਰੱਖਣ ਲਈ ਰਜਿੰਦਰ ਸਿੰਘ ਦੇ ਬਿਆਨਾਂ ’ਤੇ ਖ਼ਾਸਲਿਸਤਾਨ ਬਾਰੇ ਬੋਲਣ ਵਾਲੇ ਸੁਖਪ੍ਰੀਤ ਸਿੰਘ ਵਾਸੀ ਖੁੱਬਣ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਖ਼ਾਲਿਸਤਾਨ ਬਾਰੇ ਬੋਲਣ ਕਾਰਨ ਉਸ ਨੂੰ ਤੁਰੰਤ ਮੰਚ ਤੋਂ ਉਤਾਰ ਦਿੱਤਾ ਗਿਆ, ਜਿਸ ਤੋਂ ਬਾਅਦ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਸਫਾਈ ਦਿੰਦਿਆਂ ਕਿਹਾ ਕਿ ਕਾਂਗਰਸ ਧਰਮ ਨਿਰਪੱਖ ਪਾਰਟੀ ਹੈ, ਖ਼ਾਲਿਸਤਾਨ ਸਬੰਧੀ ਟਿੱਪਣੀ ਕਰਨ ਵਾਲਾ ਵਿਅਕਤੀ ਨਾ ਤਾਂ ਪਾਰਟੀ ਦਾ ਕੋਈ ਅਹੁਦੇਦਾਰ ਹੈ ਤੇ ਨਾ ਹੀ ਆਮ ਵਰਕਰ। ਉਨ੍ਹਾਂ ਪੁਲੀਸ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ।