ਚੰਡੀਗੜ੍ਹ, 19 ਦਸੰਬਰ
ਪੰਜਾਬ ਵਿੱਚ ਸ਼ਹਿਰੀ ਚੋਣਾਂ ਦੀ ਗੱਲ ਕਰੀਏ ਤਾਂ ਇਹ ਚੋਣਾਂ ਇੱਕੋ ਸਮੇਂ ਨਹੀਂ ਹੁੰਦੀਆਂ। ਇਸ ਵਾਰ ਵੀ ਦਸ ਨਗਰ ਨਿਗਮਾਂ ਵਿੱਚੋਂ ਸਿਰਫ਼ 3 ਤੇ 67 ਮਿਉਂਸਿਪਲ ਕਮੇਟੀਆਂ ਅਤੇ ਨਗਰ ਕੌਸਲਾਂ ਵਿੱਚੋਂ ਸਿਰਫ਼ 32 ਦੀਆਂ ਚੋਣਾਂ ਹੋਈਆਂ ਹਨ। ਪਿਛੋਕੜ ਦੇਖੀਏ ਤਾਂ ਸਥਾਨਕ ਸਰਕਾਰਾਂ ਚੋਣਾਂ ਵਿੱਚ ਹਾਕਮ ਧਿਰ ਹੀ ਕਾਬਜ਼ ਹੁੰਦਾ ਆਇਆ ਹੈ ਤੇ ਇਨ੍ਹਾਂ ਚੋਣਾਂ ਸਮੇਂ ਜਮਹੂਰੀਅਤ ਦਾ ‘ਘਾਣ’ ਵੀ ਹਰ ਵਾਰ ਹੁੰਦਾ ਹੈ।
ਕੱਲ੍ਹ ਹੋਈਆਂ ਚੋਣਾਂ ਵਿੱਚ ਹਾਕਮ ਧਿਰ ਕਾਂਗਰਸ ਨੇ ਹੂੰਝਾ ਫੇਰ ਜਿੱਤ ਦਰਜ ਕਰਦਿਆਂ ਤਿੰਨੇ ਨਿਗਮਾਂ ’ਤੇ ਕਬਜ਼ਾ ਜਮ੍ਹਾਂ ਲਿਆ ਹੈ ਤੇ ਪਟਿਆਲਾ ਵਿੱਚ ਹਾਕਮ ਧਿਰ ਨੇ ‘ਕਮਾਲ’ ਕਰ ਦਿੱਤੀ ਹੈ, 60 ਵਰਾਡਾਂ ਵਿੱਚੋਂ 59 ਵਾਰਡਾਂ ਦੇ ਨਤੀਜੇ ਆਏ ਹਨ ਤੇ ਸਾਰੀਆਂ ਵਾਰਡਾਂ ਵਿੱਚ ਕਾਂਗਰਸੀ ਉਮੀਦਵਾਰਾਂ ਨੇ ਹੀ ਜਿੱਤ ਹਾਸਲ ਕੀਤੀ ਹੈ। ਅਜਿਹਾ ਕੁਝ ਵਾਰਡਾਂ ਵਿੱਚ ਵਿਰੋਧੀ ਧਿਰ ਦੇ ਹਮਾਇਤੀਆਂ ਨੂੰ ‘ਕੁੱਟਮਾਰ’ ਤੇ ਹੋਰ ‘ਯਤਨਾਂ’ ਕਾਰਨ ਹੋਇਆ ਜਾਪਦਾ ਹੈ, ਨਹੀਂ ਤਾਂ ਅੰਮ੍ਰਿਤਸਰ ਅਤੇ ਜਲੰਧਰ ਵਾਂਗ ਭਾਜਪਾ ਅਤੇ ਅਕਾਲੀ ਦਲ ਦੇ ਖਾਤੇ ਪਟਿਆਲਾ ਵਿੱਚ ਵੀ ਖੁੱਲ੍ਹ ਜਾਂਦੇ। ਤਿੰਨੇ ਨਿਗਮਾਂ ਵਿੱਚ ਕਾਂਗਰਸ ਨੂੰ ਵੱਡੀ ਸਫ਼ਲਤਾ ਮਿਲੀ ਹੈ।
ਇਸ ਦੌਰਾਨ 29 ਨਗਰ ਕੌਸਲਾਂ ਤੇ ਮਿਉਂਸਿਪਲ ਕਮੇਟੀਆਂ ਵਿੱਚੋਂ ਵੀ ਵੀਹ ’ਚ ਕਾਂਗਰਸ ਜਿੱਤ ਗਈ। ਇਸ ਦੇ ਨਾਲ ਚਾਰ ਨਗਰ ਕੌਸਲਾਂ ਅਤੇ ਮਿਉਂਸਿਪਲ ਕਮੇਟੀਆਂ ਵਿੱਚ ਲਗਪਗ ਸਾਰੇ ਆਜ਼ਾਦ ਉਮੀਦਵਾਰ ਜਿੱਤੇ ਸਨ। ਚੀਮਾ ਮੰਡੀ ਵਿੱਚ ਇਕ ਕਾਂਗਰਸ ਤੇ ਗਿਆਰਾਂ ਆਜ਼ਾਦ ਉਮੀਦਵਾਰ ਅਤੇ ਬਲਾਚੌਰ ਵਿੱਚ ਵੀ ਸਾਰੇ ਆਜ਼ਾਦ ਉਮੀਦਵਾਰ ਚੋਣ ਜਿੱਤੇ ਹਨ। ਕੁੱਲ ਮਿਲਾ ਕੇ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਲਾਏ ਦੋਸ਼ਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੋਸ਼ਾਂ ਨੂੰ ਰੱਦ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਦੋਸ਼ ਲਾਉਣ ਤੋਂ ਪਹਿਲਾਂ ਦੱਸਣ ਕਿ ਉਹ ਖ਼ੁਦ ਕੀ ਕਰਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਮਾਮਲਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਹਕੀਕਤ ਹੈ ਕਿ ਮਿਉਂਸਿਪਲ ਚੋਣਾਂ ਅਤੇ ਨਗਰ ਕੌਸਲਾਂ ਦੀਆਂ ਵਿੱਚ ਵਿਰੋਧੀ ਧਿਰ ਨੂੰ ਕੁਝ ਸੀਟਾਂ ’ਤੇ ਜਿੱਤ ਹਾਸਲ ਹੋਈ ਹੈ ਤੇ ਜੇਕਰ ਵਿਰੋਧੀ ਧਿਰ ਨੇ ਬੂਥਾਂ ’ਤੇ ਕਬਜ਼ੇ ਕੀਤੇ ਹੁੰਦੇ ਤਾਂ ਕਾਂਗਰਸ ਨੇ ਇਨ੍ਹਾਂ ਸੀਟਾਂ ’ਤੇ ਵੀ ਜਿੱਤ ਹਾਸਲ ਕਰ ਲੈਣੀ ਸੀ।
ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਰਾਜ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਸੂਬੇ ਵਿੱਚ ਉਭਾਰ ਇਕ ਬੁਲਬਲੇ ਵਾਂਗ ਸੀ, ਜੋ ਹੁਣ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜਿੱਡੀ ਵੱਡੀ ਜਿੱਤ ਹੋਈ ਹੈ, ਉਨੀ ਹੀ ਜ਼ਿੰਮੇਵਾਰੀ ਵਧ ਗਈ ਹੈ। ਹੁਣ ਇਕ ਸੁਆਲ ਇਹ ਵੀ ਹੈ ਕਿ ਕਾਂਗਰਸ ਨੇ ਸ਼ਹਿਰੀ ਚੋਣਾਂ ਵਿੱਚ ਜਿੱਤ ਤਾਂ ਹਾਸਲ ਕਰ ਲਈ, ਪਰ ਵਿਕਾਸ ਕੰਮਾਂ ਲਈ ਪੈਸਾ ਕਿੱਥੋ ਆਵੇਗਾ।