ਨਵੀਂ ਦਿੱਲੀ, 11 ਅਪਰੈਲ
ਸ਼੍ਰੋਮਣੀ ਅਕਾਲੀ ਦਲ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕੇਸਾਂ ਵਿੱਚ ਨਾਮਜ਼ਦ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉੱਤੇ ਭੁੱਖ ਹੜਤਾਲ ਦੌਰਾਨ ਜਾਣਬੁੱਝ ਕੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨਾਲ ਮੰਚ ਸਾਂਝਾ ਕਰਨ ਦਾ ਦੋਸ਼ ਲਗਾਇਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਿੱਚ ਅੱਜ ਇੱਥੇ ਅਕਬਰ ਰੋਡ ਉੱਤੇ ਕਾਂਗਰਸ ਮੁੱਖ ਦਫ਼ਤਰ ਨੇੜੇ ਪ੍ਰਦਰਸ਼ਨ ਕਰਦਿਆਂ ਸੈਂਕੜੇ ਸਿੱਖ ਕਾਰਕੁਨਾਂ ਨੇ ਰਾਹੁਲ ਗਾਂਧੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਾਰਕੁਨਾਂ ਨੇ ਰੋਸ ਮਾਰਚ ਦੌਰਾਨ ਹੱਥਾਂ ’ਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਚ ਕਾਂਗਰਸ ਵੱਲੋਂ ਕਾਤਲਾਂ ਨੂੰ ਬਚਾਉਣ ਸਬੰਧੀ ਨਾਅਰੇ ਲਿਖੇ ਹੋਏ ਸਨ। ਅਕਾਲੀ ਆਗੂਆਂ ਨੇ ਟਾਈਟਲਰ ਅਤੇ ਸੱਜਣ ਕੁਮਾਰ ਦੇ ਪੁਤਲੇ ਨੂੰ ਦਰੱਖਤ ਨਾਲ ਲਟਕਾ ਕੇ ਸੰਕੇਤਕ ਫ਼ਾਂਸੀ ਦੇਣ ਉਪਰੰਤ ਅੱਗ ਲਾ ਕੇ ਫੂਕਿਆ। ਇਸ ਮੌਕੇ ਮਨਜੀਤ ਸਿੰਘ ਜੀਕੇ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਸਰਵਜੀਤ ਸਿੰਘ ਵਿਰਕ ਅਤੇ ਅਕਾਲੀ ਆਗੂ ਹਰਬਖਸ਼ੀਸ਼ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਤੁਗਲਕ ਰੋਡ ਥਾਣੇ ਲੈ ਗਈ।