ਫਾਜ਼ਿਲਕਾ/ਜਲਾਲਾਬਾਦ, 29 ਸਤੰਬਰ
ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਨਾਲ ਜੁੜੇ ਇੱਕ ਮਾਮਲੇ ਵਿੱਚ ਜਲਾਲਾਬਾਦ ਪੁਲੀਸ ਨੇ ਅੱਜ ਸਵੇਰੇ ਚੰਡੀਗੜ੍ਹ ’ਚ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪਾ ਮਾਰ ਕੇ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਜਲਾਲਾਬਾਦ ਦੇ ਡੀਐੱਸਪੀ ਅਛਰੂ ਰਾਮ ਸ਼ਰਮਾ, ਥਾਣਾ ਸਦਰ ਦੇ ਐੱਸਐੱਚਓ ਅੰਗਰੇਜ ਕੁਮਾਰ, ਪੁਲੀਸ ਚੌਕੀ ਘੁਬਾਇਆ ਦੇ ਚੌਕੀ ਇੰਚਾਰਜ ਏਐੱਸਆਈ ਹਰਦੇਵ ਸਿੰਘ ਬੇਦੀ ਸਮੇਤ ਹੋਰ ਪੁਲੀਸ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। ਪੁਲੀਸ ਅਧਿਕਾਰੀਆਂ ਮੁਤਾਬਕ ਥਾਣਾ ਸਦਰ ਜਲਾਲਾਬਾਦ ਵਿੱਚ ਸਾਲ 2015 ’ਚ ਐੱਨਡੀਪੀਐੱਸ ਐਕਟ ਤਹਿਤ ਦਰਜ ਇੱਕ ਮਾਮਲੇ ਵਿੱਚ ਵਿਧਾਇਕ ਸੁਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਸ੍ਰੀ ਖਹਿਰਾ ਨੂੰ ਪੁਲੀਸ ਵੱਲੋਂ ਜਲਾਲਾਬਾਦ ਲਿਆਉਣ ਤੋਂ ਪਹਿਲਾਂ ਹੀ ਕਾਂਗਰਸੀਆਂ ਨੇ ਥਾਣਾ ਸਦਰ ਅੱਗੇ ਧਰਨਾ ਲਾ ਦਿੱਤਾ। ਪੁਲੀਸ ਵੱਲੋਂ ਸ੍ਰੀ ਖਹਿਰਾ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਦੁਪਹਿਰ ਬਾਅਦ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਇਸ ਮਗਰੋਂ ਸ੍ਰੀ ਖਹਿਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ ਸੁਖਪਾਲ ਖਹਿਰਾ ਨੂੰ ਦੋ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਇੱਥੇ ਮੈਡੀਕਲ ਕਰਵਾਉਣ ਮੌਕੇ ਵਿਧਾਇਕ ਸੁਖਪਾਲ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੋਣ ਦੇ ਨਾਲ-ਨਾਲ ਉਨ੍ਹਾਂ ਕੋਲ ਪੁਲੀਸ ਤੇ ਵਿਜੀਲੈਂਸ ਹੈ, ਜਿਸਦੀ ਸ਼ਕਤੀ ਦੇ ਆਧਾਰ ’ਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਦੇ ਖੂਨ ਦੇ ਪਿਆਸੇ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਈ ਗਈ ਐੱਸਆਈਟੀ (ਸਿਟ) ਦਾ ਮੁਖੀ ਸਵਪਨ ਸ਼ਰਮਾ ਨੂੰ ਬਣਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਅਮਲੇ ਦੀ ਦੁਰਵਰਤੋਂ ਕਰ ਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਉਨ੍ਹਾਂ ’ਤੇ ਤਿੰਨ ਐੱਫਆਈਆਰ ਪਹਿਲਾਂ ਦਰਜ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਦੀ ਇਹ ਬਦਲਾਅ ਦੀ ਨੀਤੀ ਨਹੀਂ ਸਗੋਂ ਸਿੱਧੇ ਰੂਪ ’ਚ ਬਦਲੇ ਦੀ ਰਾਜਨੀਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਸਵੇਰੇ 6 ਵਜੇ ਪੁਲੀਸ ਉਨ੍ਹਾਂ ਦੇ ਘਰ ਪੁੱਜ ਗਈ ਸੀ। ਇਸ ਦੌਰਾਨ ਉਨ੍ਹਾਂ ਦਾ ਬੇਟਾ ਫੇਸਬੁੱਕ ਤੋਂ ਲਾਈਵ ਹੋ ਗਿਆ ਸੀ। ਪੁਲੀਸ ਕੋਲੋਂ ਵਾਰੰਟ ਮੰਗਣ ’ਤੇ ਉਹ ਅਜਿਹਾ ਕੁਝ ਨਹੀਂ ਦਿਖਾ ਸਕੇ।