ਫ਼ਤਹਿਗੜ੍ਹ ਸਾਹਿਬ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਮਿਲ ਕੇ ਬਲਾਕ ਖੇੜਾ ਦੇ ਪਿੰਡ ਧੀਰਪੁਰ ਵਿੱਚ ਪ੍ਰਬੰਧਕ ਹਟਾ ਕੇ ਪੰਚਾਇਤ ਨੂੰ ਬਹਾਲ ਕਰਨ ਸਬੰਧੀ ਕਥਿਤ ਕਰਵਾਏ ਫ਼ੈਸਲੇ ਬਾਅਦ ਕਾਂਗਰਸ ਸਮਰਥਕ ਗਰਮਾ ਗਏ ਹਨ। ਉਨ੍ਹਾਂ ਪਿੰਡ ਧੀਰਪੁਰ ਅਤੇ ਇਲਾਕੇ ਦੇ ਕਾਂਗਰਸ ਵਰਕਰਾਂ ਨੇ ਜ਼ਿਲ੍ਹਾ ਕੰਪਲੈਕਸ ਅੱਗੇ ਸਰਹਿੰਦ-ਚੰਡੀਗੜ੍ਹ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਬੀਬੀ ਨਾਗਰਾ ਦੇ ਹੱਕ ਵਿੱਚ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬੀਬੀ ਨਾਗਰਾ ਹਮੇਸ਼ਾਂ ਹੀ ਗ਼ਰੀਬ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਮਸਲੇ ਹੱਲ ਕਰਵਾਉਂਦੀ ਹੈ ਜਦੋਂਕਿ ਸਾਬਕਾ ਡਿਪਟੀ ਸਪੀਕਰ ਵੱਲੋਂ ਉਸ ਵੱਲੋਂ ਲੋਕਾਂ ਦੇ ਕਰਵਾਏ ਜਾ ਰਹੇ ਕੰਮਾਂ ’ਤੇ ਕਿੰਤੂ ਕੀਤਾ ਗਿਆ ਹੈ।
ਮਹਿਲਾ ਕਾਂਗਰਸ ਦੀ ਧੀਰਪੁਰ ਇਕਾਈ ਦੀ ਆਗੂ ਜਸਵੀਰ ਕੌਰ ਨੇ ਦੋਸ਼ ਲਾਇਆ ਕਿ ਪਿੰਡ ਦੀ ਪੰਚਾਇਤ ਨੇ ਕਥਿਤ ਰੂਪ ਵਿਚ ਪਿੰਡ ਦੇ ਛੱਪੜ ’ਤੇ ਨਾਜਾਇਜ਼ ਕਾਬਜ਼ਕਾਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਅਤੇ ਇਸ ਸਬੰਧੀ ਸ਼ਿਕਾਇਤਾਂ ਅਤੇ ਮੀਡੀਆ ਵਿਚ ਚਰਚਾ ਬਾਅਦ ਐੱਸਡੀਐੱਮ ਫ਼ਤਹਿਗੜ੍ਹ ਸਾਹਿਬ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਖੇੜਾ ਦੀ ਹਾਜ਼ਰੀ ਵਿੱਚ 29 ਜੁਲਾਈ 2017 ਨੂੰ ਮੌਕਾ ਦੇਖਿਆ ਸੀ ਜਿਸ ਉਪਰੰਤ ਹੀ ਬਲਾਕ ਅਧਿਕਾਰੀ ਦੀ ਸਿਫ਼ਾਰਸ਼ ਉਪਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੇ ਪ੍ਰਸ਼ਾਸਕ ਲਗਾਇਆ ਸੀ। ਉਨ੍ਹਾਂ ਪਿੰਡ ਦੇ ਭਲੇ ਦਾ ਜ਼ਿਕਰ ਕਰਦਿਆਂ ਪ੍ਰਸ਼ਾਸਕ ਹੀ ਰੱਖਣ ਦੀ ਵਕਾਲਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਦੇ ਸਕੱਤਰ ਜਨਰਲ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ, ਬਲਾਕ ਪ੍ਰਧਾਨ ਗੁਰਮੁਖ ਸਿੰਘ ਪੰਡਰਾਲੀ ਨੇ ਬੀਬੀ ਨਾਗਰਾ ਵੱਲੋਂ ਲੋਕਾਂ ਦੇ ਕਰਵਾਏ ਜਾ ਰਹੇ ਕਾਰਜਾਂ ਨੂੰ ਸਹੀ ਦੱਸਿਆ। ਬਾਅਦ ਵਿਚ ਵਿਧਾਇਕ ਨਾਗਰਾ ਨੇ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਜੱਦੋ-ਜਹਿਦ ਕਰਦੀ ਰਹੇਗੀ। ਉਨ੍ਹਾਂ ਵਧੀਕ ਡੀਸੀ ਜਸਪ੍ਰੀਤ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ।
ਕੀ ਕਹਿੰਦੇ ਹਨ ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਮੁੜ ਕਿਹਾ ਕਿ ਸੰਵਿਧਾਨ ਅਨੁਸਾਰ ਵਿਧਾਇਕ ਹੀ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਗੱਲਬਾਤ ਕਰ ਸਕਦਾ ਹੈ ਉਸਦੀ ਪਤਨੀ ਜਾਂ ਰਿਸ਼ਤੇਦਾਰਾਂ ਨੂੰ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਘਾਣ ਨਹੀਂ ਹੋਣ ਦਿੱਤਾ ਜਾਵੇਗਾ।