ਲੁਧਿਆਣਾ, 21 ਜੁਲਾਈ
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਛੱਡ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਲੜਕੇ ਜਤਿੰਦਰਪਾਲ ਸਿੰਘ ਉਰਫ਼ ਸੰਨੀ ਵੱਲੋਂ ਕੁੱਟਮਾਰ ਕਰਕੇ ਜ਼ਖਮੀ ਕੀਤੇ ਗਏ ਨੌਜਵਾਨ ਜਗਦੀਪ ਸਿੰਘ ਉਰਫ਼ ਰਿੰਕਲ ਖੇੜਾ ਦੀ ਦੇਰ ਰਾਤ ਸੀਐੱਮਸੀ ਹਸਪਤਾਲ ’ਚ ਮੌਤ ਹੋ ਗਈ। ਥਾਣਾ ਡਿਵੀਜ਼ਨ ਨੰ. 2 ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕੌਂਸਲਰ ਗੁਰਦੀਪ ਨੀਟੂ ਨੂੰ ਵੀ ਸਾਜਿਸ਼ ਦੇ ਦੋਸ਼ ’ਚ ਨਾਮਜ਼ਦ ਕਰ ਲਿਆ ਹੈ। ਨੌਜਵਾਨ ਦੀ ਮੌਤ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਲੋਕ ਉਥੇ ਪੁੱਜ ਗਏ। ਭਾਜਪਾ ਆਗੂ ਗੁਰਦੇਵ ਸ਼ਰਮਾ ਦੇਬੀ ਨੇ ਆਪਣੇ ਸਮਰੱਥਕਾਂ ਸਮੇਤ ਸੀਐੱਮਸੀ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਫ਼ੀ ਸਮਝਾਇਆ, ਪਰ ਉਨ੍ਹਾਂ ਕਿਸੇ ਦੀ ਇੱਕ ਨਾ ਸੁਣੀ। ਫਿਰ ਪੁਲੀਸ ਨੇ ਮੁਲਜ਼ਮ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਲੋਕ ਸ਼ਾਂਤ ਹੋਏ। ਸ਼ੁੱਕਰਵਾਰ ਸਵੇਰੇ ਮੁੜ ਰਿੰਕਲ ਦੇ ਪਰਿਵਾਰ ਵਾਲੇ ਪ੍ਰਦਰਸ਼ਨ ਕਰਨ ਲਈ ਪੁੱਜ ਗਏ। ਉਨ੍ਹਾਂ ਜਗਰਾਉਂ ਪੁਲ ’ਤੇ ਜਾਮ ਲਾ ਦਿੱਤਾ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਕਾਂਗਰਸੀ ਕੌਂਸਲਰ ਗੁਰਦੀਪ ਨੀਟੂ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਚੌਕਸੀ ਵਜੋਂ ਉਸ ਦੇ ਘਰ ਦੇ ਬਾਹਰ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਢਿੱਲੀ ਕਾਰਵਾਈ ਦੇ ਦੋਸ਼ ਘਿਰੀ ਪੁਲੀਸ ਨੇ ਥਾਣਾ ਡਿਵੀਜ਼ਨ ਨੰਬਰ 2 ਦੇ ਮੁਖੀ ਗੁਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਨੌਜਵਾਨ ਦਾ ਅੰਤਿਮ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ। ਜਾਣਕਾਰੀ ਅਨੁਸਾਰ ਕੌਂਸਲਰ ਨੀਟੂ ਦੇ ਲੜਕੇ ਸੰਨੀ ਤੇ ਰਿੰਕਲ ਦੀ ਲੜਾਈ ਚੋਣਾਂ ਦੇ ਸਮੇਂ ਦੀ ਹੈ। ਚੋਣਾਂ ’ਚ ਭਾਜਪਾ ਦੀ ਹਮਾਇਤ ਕਰਨ ’ਤੇ ਸੰਨੀ ਤੇ ਰਿੰਕਲ ਦੀ ਹੱਥੋਪਾਈ ਵੀ ਹੋਈ ਸੀ, ਜਿਸ ’ਚ ਰਿੰਕਲ ਜ਼ਖ਼ਮੀ ਹੋ ਗਿਆ ਸੀ, ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਪੁਲੀਸ ਕਮਿਸ਼ਨਰ ਡਾ. ਗਿੱਲ ਨੇ ਕਿਹਾ ਕਿ ਪੁਲੀਸ ਨੇ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਲੜਕੇ ਸਮੇਤ 9 ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਹਾਲੇ ਫ਼ਰਾਰ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਦੌਰਾਨ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਥਾਣਾ ਇੰਚਾਰਜ ਨੂੰ ਪਹਿਲਾਂ ਹੀ ਸ਼ਿਕਾਇਤ ਦਿੱਤੀ ਗਈ ਸੀ ਕਿ ਰਿੰਕਲ ਦੀ ਜਾਨ ਨੂੰ ਖ਼ਤਰਾ ਹੈ, ਪਰ ਐੱਸਐੱਚਓ ਗੁਰਵਿੰਦਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ।
ਪਰਿਵਾਰ ਨੇ ਪੁਲੀਸ ਨੂੰ ਦਿੱਤਾ 24 ਘੰਟੇ ਦਾ ਅਲਟੀਮੇਟਮ
ਵਿਧਾਇਕ ਸਿਮਰਜੀਤ ਬੈਂਸ ਸਮੇਤ ਭਾਜਪਾ ਆਗੂਆਂ ਦੀ ਅਗਵਾਈ ’ਚ ਲੋਕ ਪੁਲੀਸ ਕਮਿਸ਼ਨਰ ਦਫ਼ਤਰ ਪ੍ਰਦਰਸ਼ਨ ਕਰਨ ਪੁੱਜ ਗਏ। ਉਥੇ ਪੁਲੀਸ ਕਮਿਸ਼ਨਰ ਦੇ ਨਾ ਹੋਣ ’ਤੇ ਉਹ ਡੀਸੀਪੀ ਅਸ਼ਵਨੀ ਕਪੂਰ ਨੂੰ ਮਿਲੇ। ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਵੀ ਰਿੰਕਲ ਦਾ ਪੋਸਟਮਾਰਟਮ ਕਰਵਾ ਅੰਤਿਮ ਸਸਕਾਰ ਕਰਵਾਉਣ ਦੀ ਗ਼ੱਲ ਕਹੀ, ਪਰ ਪਰਿਵਾਰ ਵਾਲੇ ਨਹੀਂ ਮੰਨੇ। ਉਨ੍ਹਾਂ ਪੁਲੀਸ ਨੂੰ 24 ਘੰਟੇ ’ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਅਲਟੀਮੇਟਮ ਦਿੱਤਾ।
ਲੁਧਿਆਣਾ ਵਿੱਚ ਸਿਆਸਤ ਭਖੀ
ਕਾਂਗਰਸੀ ਕੌਂਸਲਰ ਦੇ ਪੁੱਤਰ ਵੱਲੋਂ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਲੁਧਿਆਣਾ ’ਚ ਸਿਆਸਤ ਭੱਖ ਗਈ। ਲੋਕ ਇਨਸਾਫ਼ ਪਾਰਟੀ ਤੇ ਭਾਜਪਾ ਆਗੂ ਪਰਿਵਾਰ ਨੂੰ ਹਮਦਰਦੀ ਦੇਣ ਲਈ ਪੁੱਜੇ, ਜਿਨ੍ਹਾਂ ਦੇ ਦਬਾਅ ਕਾਰਨ ਪੁਲੀਸ ਨੇ ਬਿਨਾਂ ਦੇਰੀ ਕਾਂਗਰਸੀ ਕੌਂਸਲਰ ਗੁਰਦੀਪ ਨੀਟੂ ’ਤੇ ਵੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਕੇਸ ਦਰਜ ਕਰ ਲਿਆ। ਲੋਕ ਇਨਸਾਫ਼ ਪਾਰਟੀ ਦੇ ਸੁਪਰੀਮੋ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ਸਮਰੱਥਕਾਂ ਦੇ ਨਾਲ ਰਿੰਕਲ ਦੇ ਘਰ ਪੁੱਜੇ। ਉਨ੍ਹਾਂ ਮ੍ਰਿਤਕ ਰਿੰਕਲ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਹਰ ਸਮੇਂ ਉਨ੍ਹਾਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਡੀਜੀਪੀ ਦਫ਼ਤਰ ਦੇ ਬਾਹਰ ਵੀ ਧਰਨਾ ਦਿੱਤਾ ਜਾਵੇਗਾ।