ਮੁੰਬਈ, 16 ਨਵੰਬਰ
ਭਾਰਤੀ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੇ ਮੁੰਬਈ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਵੱਲੋਂ ਉਸ ਦੀਆਂ ਕੀਮਤੀ ਘੜੀਆਂ ਜ਼ਬਤ ਕਰਨ ਦੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਆਪਣਾ ਸਾਮਾਨ ਉਨ੍ਹਾਂ ਸਾਹਮਣੇ ਜ਼ਾਹਰ ਕੀਤਾ ਸੀ, ਜਿਸ ਤੋਂ ਬਾਅਦ ਮਹਿਜ਼ 1.5 ਕਰੋੜ ਰੁਪਏ ਦੀ ਘੜੀ ਨੂੰ ਢੁਕਵੇਂ ਮੁਲਾਂਕਣ ਲਈ ਕਬਜ਼ੇ ਵਿੱਚ ਲਿਆ ਗਿਆ ਹੈ। ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਲਈ ਭਾਰਤੀ ਟੀਮ ਤੋਂ ਬਾਹਰ ਕੀਤਾ ਆਲਰਾਊਂਡਰ ਟੀ-20 ਵਿਸ਼ਵ ਕੱਪ ‘ਚ ਹਿੱਸਾ ਲੈਣ ਤੋਂ ਬਾਅਦ ਦੁਬਈ ਤੋਂ ਪਰਤ ਰਿਹਾ ਸੀ। ਉਸਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਸਟਮ ਵਿਭਾਗ ਨੇ ਉਸ ਕੋਲੋਂ 5 ਕਰੋੜ ਰੁਪਏ ਦੀਆਂ ਦੋ ਘੜੀਆਂ ਜ਼ਬਤ ਕੀਤੀਆਂ ਹਨ। ਪਤਾ ਲੱਗਾ ਕਿ ਪੇਸ਼ ਕੀਤੀਆਂ ਘੜੀਆਂ ਦੀ ਕੀਮਤ ਦਾ ਬਿੱਲ ਉਨ੍ਹਾਂ ਦੀ ਅਸਲ ਕੀਮਤ ਨਾਲ ਮੇਲ ਨਹੀਂ ਖਾਂਦਾ। ਨਿਯਮਾਂ ਅਨੁਸਾਰ ਖਰੀਦੀਆਂ ਘੜੀਆਂ ਵਾਪਸ ਲੈਣ ਤੋਂ ਪਹਿਲਾਂ ਉਚਿਤ ਫੀਸ ਅਦਾ ਕਰਨੀ ਪਵੇਗੀ।