ਸ੍ਰੀਨਗਰ, 8 ਦਸੰਬਰ
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਅਤਿਵਾਦੀ ਮਾਰੇ ਗੲੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੋਪੀਆਂ ਦੇ ਚੱਕ-ਏ-ਚੋਲਨ ਪਿੰਡ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਵੱਲੋਂ ਸੁਰੱਖਿਆ ਕਰਮੀਆਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ ਮੁਕਾਬਲੇ ‘ਚ ਬਦਲ ਗਈ। ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਵਿਚ ਤਿੰਨ ਅਤਿਵਾਦੀ ਮਾਰੇ ਗਏ। ਅਧਿਕਾਰੀ ਨੇ ਕਿਹਾ ਕਿ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਅਮੀਰ ਹੁਸੈਨ ਗਨੀ ਵਾਸੀ ਚੱਕ ਚੋਲਾਂ ਸ਼ੋਪੀਆਂ, ਰਈਸ ਅਹਿਮਦ ਮੀਰ ਵਾਸੀ ਕਪਰਾਨ ਸ਼ੋਪੀਆਂ ਅਤੇ ਹਸੀਬ ਅਹਿਮਦ ਡਾਰ ਵਾਸੀ ਖੁਦਵਾਨੀ ਕੁਲਗਾਮ ਵਜੋਂ ਹੋਈ ਹੈ। ਪੁਲੀਸ ਰਿਕਾਰਡ ਅਨੁਸਾਰ ਤਿੰਨੇ ਦਹਿਸ਼ਗਰਦ ਲਸ਼ਕਰ ਨਾਲ ਸਬੰਧਤ ਸਨ।