ਬਾਲੀਵੁੱਡ ‘ਚ ਆਮਿਰ ਖਾਨ ਨਾਲ ਫਿਲਮ ‘ਦੰਗਲ’ ਤੋਂ ਡੈਬਿਊ ਕਰਨ ਵਾਲੀ ਅਦਾਕਾਰਾ ਜ਼ਾਇਰਾ ਵਸੀਮ ਹੁਣ ਐਕਟਿੰਗ ਦੀ ਦੁਨੀਆ ਨੂੰ ਅਲਵਿਦਾ ਆਖ ਚੁੱਕੀ ਹੈ। ਪਰ ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਜ਼ਾਇਰਾ ਵਸੀਮ ਨੇ ਕਈ ਵਾਰ ਟਵਿਟਰ ‘ਤੇ ਫੈਨਜ਼ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਸਨ।

ਹੁਣ ਇੱਕ ਵਾਰ ਫਿਰ ਟਵਿੱਟਰ ‘ਤੇ ਜ਼ਾਇਰਾ ਨੇ ਕਸ਼ਮੀਰ ਦੇ ਹਾਲਾਤ ਬਾਰੇ ਚਿੰਤਾ ਪ੍ਰਗਟਾਈ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਕਸ਼ਮੀਰ ਦੀ ਹਾਲਤ ‘ਤੇ ਆਪਣੀ ਚਿੰਤਾ ਜਾਹਰ ਕੀਤੀ ਅਤੇ ਨਾਲ ਹੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ।

ਜ਼ਾਇਰਾ ਵਸੀਮ ਨੇ ਇੰਸਟਾਗ੍ਰਾਮ ‘ਤੇ ਇੱਕ ਫੋਟੋ ਸ਼ੇਅਰ ਕਰਦਿਆਂ ਲਿਖਿਆ, “ਕਸ਼ਮੀਰ ਲਗਾਤਾਰ ਪ੍ਰੇਸ਼ਾਨ ਹੋ ਰਿਹਾ ਹੈ ਅਤੇ ਉਮੀਦ ਤੇ ਤਣਾਅ ਵਿਚਕਾਰ ਲਟਕ ਰਿਹਾ ਹੈ। ਇਸ ਨਿਰਾਸ਼ਾ ਅਤੇ ਦੁੱਖ ਵਾਲੀ ਥਾਂ ਸਾਂਤੀ ਦਾ ਇੱਕ ਝੂਠਾ ਅਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਅਸੀ ਕਸ਼ਮੀਰੀ ਇੱਕ ਅਜਿਹੀ ਦੁਨੀਆ ‘ਚ ਜੀਅ ਰਹੇ ਹਾਂ, ਜਿੱਥੇ ਕਿਸੇ ਦੀ ਸੁਤੰਤਰਤਾ ‘ਤੇ ਪਾਬੰਦੀ ਲਗਾਉਣਾ ਕਾਫੀ ਆਸਾਨ ਹੈ। ਸਾਨੂੰ ਅਜਿਹੀ ਦੁਨੀਆ ‘ਚ ਕਿਉਂ ਰਹਿਣਾ ਪੈ ਰਿਹਾ ਹੈ, ਜਿੱਥੇ ਸਾਡੀ ਜ਼ਿੰਦਗੀ, ਆਵਾਜ਼ ਅਤੇ ਇੱਛਾਵਾਂ ਨੂੰ ਦਬਾਇਆ ਜਾਂਦਾ ਹੈ? ਸਾਡੀ ਜ਼ਿੰਦਗੀ ‘ਚ ਤਾਨਾਸ਼ਾਹੀ ਹੋ ਰਹੀ ਹੈ ਅਤੇ ਸਾਨੂੰ ਤੋੜਿਆ-ਮਰੋੜਿਆ ਜਾ ਰਿਹਾ ਹੈ। ਸਾਡੀ ਆਵਾਜ਼ ਨੂੰ ਬੰਦ ਕਰਨਾ ਇੰਨਾ ਆਸਾਨ ਕਿਉਂ ਹੈ?”

ਜ਼ਾਇਰਾ ਵਸੀਮ ਨੇ ਅੱਗੇ ਲਿਖਿਆ, “ਸਾਨੂੰ ਇੱਕ ਅਜਿਹੀ ਦੁਨੀਆਂ ‘ਚ ਰਹਿਣਾ ਪੈ ਰਿਹਾ ਹੈਜਿੱਥੇ ਸਾਡੀਆਂ ਇੱਛਾਵਾਂ ਅਤੇ ਜ਼ਿੰਦਗੀ ਨੂੰ ਕਾਬੂ ਕੀਤਾ ਜਾ ਰਿਹਾ ਹੈ ਅਤੇ ਝੁਕਣਾ ਸਿਖਾਇਆ ਜਾਂਦਾ ਹੈ? ਸਾਡੀਆਂ ਆਵਾਜ਼ਾਂ ਨੂੰ ਦਬਾਉਣਾ ਇੰਨਾ ਸੌਖਾ ਕਿਉਂ ਹੈ? ਸਾਡੀ ਪ੍ਰਗਟਾਵੇ ਦੀ ਆਜ਼ਾਦੀ ਕਿਉਂ ਖੋਹ ਲਈ ਗਈ ਹੈ?” ਇਹ ਅਸਾਨ ਕਿਉਂ ਹੈ? ਸਾਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਕਿਉਂ ਨਹੀਂ ਹੈ? ਸਾਡੇ ਅਸਹਿਮਤੀ ਅਤੇ ਫੈਸਲਿਆਂ ਨੂੰ ਸਾਡੀ ਇੱਛਾ ਦੇ ਉਲਟ ਕਿਉਂ ਲਾਗੂ ਕੀਤਾ ਜਾਂਦਾ ਹੈ?”

ਜ਼ਾਇਰਾ ਨੇ ਲਿਖਿਆ, “ਅਜਿਹੇ ਸੈਂਕੜੇ ਸਵਾਲ ਹਨ, ਜਿਨ੍ਹਾਂ ਦੇ ਜਵਾਬ ਨਹੀਂ ਮਿਲੇ। ਇਨ੍ਹਾਂ ਸਵਾਲਾਂ ਨੇ ਸਾਨੂੰ ਡਰਾਇਆ ਅਤੇ ਨਿਰਾਸ਼ ਕੀਤਾ ਹੈ, ਪਰ ਸਾਡੀ ਨਿਰਾਸ਼ਾ ਨੂੰ ਕਦੇ ਬਾਹਰ ਆਉਣ ਦਾ ਮੌਕਾ ਨਹੀਂ ਮਿਲਿਆ। ਜਿਹੜੇ ਜ਼ਿੰਮੇਵਾਰ ਹਨ, ਉਹ ਕੋਸ਼ਿਸ਼ ਹੀ ਨਹੀਂ ਕਰਦੇ ਕਿ ਸਾਡੇ ਸਵਾਲਾਂ ਦੇ ਜਵਾਬ ਦੇਣ। ਉਹ ਜਿੱਦੀ ਤਰੀਕੇ ਨਾਲ ਆਪਣੇ ਰਸਤੇ ‘ਤੇ ਚੱਲਦੇ ਰਹਿੰਦੇ ਹਨ।”