ਸ੍ਰੀਨਗਰ, 12 ਮਾਰਚ
ਦਹਿਸ਼ਤਗਰਦਾਂ ਨੇ ਜੰਮੂ ਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੀਆਰਪੀਐੱਫ ਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਜਵਾਨ ਦੀ ਪਛਾਣ ਮੁਖ਼ਤਾਰ ਅਹਿਮਦ ਵਜੋਂ ਹੋਈ ਹੈ, ਜੋ ਛੁੱਟੀ ’ਤੇ ਆਇਆ ਹੋਇਆ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਰਾਤ ਸਾਢੇ ਸੱਤ ਵਜੇ ਦੇ ਕਰੀਬ ਦਹਿਸ਼ਤਗਰਦਾਂ ਨੇ ਅਹਿਮਦ ਨੂੰ ਸ਼ੋਪੀਆਂ ਦੇ ਚੋਟੀਪੋਰਾ ਖੇਤਰ ਵਿਚਲੇ ਉਸ ਦੇ ਘਰ ਵਿੱਚ ਗੋਲੀਆਂ ਮਾਰੀਆਂ। ਅਹਿਮਦ ਨੂੰ ਫੌਰੀ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਲਿਆਂਦਾ ਐਲਾਨ ਦਿੱਤਾ। ਹਮਲਾਵਰਾਂ ਦੀ ਪੈੜ ਨੱਪਣ ਲਈ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ ਹੈ।