ਨਵੀਂ ਦਿੱਲੀ, 10 ਜਨਵਰੀ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਸ਼ਮੀਰੀ ਪੰਡਿਤ ਕਰਮਚਾਰੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਭਾਜਪਾ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੀ ਦੁਰਦਸ਼ਾ ਲਈ ਭਗਵਾਂ ਪਾਰਟੀ ਦੀ ‘ਵਰਤਣ, ਛੱਡਣ ਤੇ ਧੋਖਾ ਦੇਣ ਦੀ’ ਨੀਤੀ ਜ਼ਿੰਮੇਵਾਰ ਹੈ। ਖੜਗੇ ਨੇ ਟਵੀਟ ਕੀਤਾ, ‘‘ਕਸ਼ਮੀਰੀ ਪੰਡਿਤ ਕਰਮਚਾਰੀ ਆਪਣੇ ਜਿਊਣ ਦੇ ਅਧਿਕਾਰ ਅਤੇ ਮੁੜ-ਵਸੇਬੇ ਦੀ ਮੰਗ ਲਈ 245 ਦਿਨਾਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੀ ਕਈ ਮਹੀਨਿਆਂ ਦੀ ਤਨਖ਼ਾਹ ਰੋਕੀ ਗਈ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਉਨ੍ਹਾਂ ਦੀ ਦੁਰਦਸ਼ਾ ਲਈ ਭਾਜਪਾ ਦੀ ਵਰਤਣ, ਛੱਡਣ ਤੇ ਧੋਖੇ ਦੀ ਨੀਤੀ ਜ਼ਿੰਮੇਵਾਰ ਹੈ।’’