ਮੁੰਬਈ:ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਕਸਰ ਹੀ ਵੱਖ ਵੱਖ ਸਮਾਜਿਕ ਮੁੱਦਿਆਂ ’ਤੇ ਆਵਾਜ਼ ਉਠਾਉਂਦੀ ਰਹਿੰਦੀ ਹੈ, ਭਾਵੇਂ ਇਹ ਪੀਪੀਟੀ ਕਿੱਟਾਂ ਲਈ ਪੈਸੇ ਦਾਨ ਕਰਨ ਦੀ ਗੱਲ ਹੋਵੇ ਜਾਂ ਟਰੋਲਿੰਗ ਖ਼ਿਲਾਫ਼ ਆਵਾਜ਼ ਉਠਾਉਣ ਦਾ ਮੁੱਦਾ ਹੋਵੇ। ਅਦਾਕਾਰਾ ਦਾ ਮੰਨਣਾ ਹੈ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਸਹੀ ਚੀਜ਼ਾਂ ਲਈ ਆਵਾਜ਼ ਬੁਲੰਦ ਕਰਕੇ ਸਮਾਜ ਵਿੱਚ ਤਬਦੀਲੀ ਲਿਆਂਦੀ ਜਾ ਸਕਦਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਸੋਨਾਕਸ਼ੀ ਨੇ ਕਿਹਾ, ‘‘ਮੈਂ ਉਨ੍ਹਾਂ ਚੀਜ਼ਾਂ ਨਾਲ ਜੁੜੀ ਹਾਂ, ਜਿਨ੍ਹਾਂ ’ਚ ਮੇਰਾ ਡੂੰਘਾ ਵਿਸ਼ਵਾਸ ਹੈ ਅਤੇ ਮੇਰਾ ਮੰਨਣਾ ਹੈ ਕਿ ਕਲਾਕਾਰ ਹੋਣ ਦੇ ਨਾਤੇ ਅਸੀਂ ਸਮਾਜ ਵਿੱਚ ਬਦਲਾਅ ਲਿਆ ਸਕਦੇ ਹਾਂ ਕਿਉਂਕਿ ਸਾਡੇ ਕੋਲ ਆਵਾਜ਼ ਹੈ ਅਤੇ ਇਸ ਤਰ੍ਹਾਂ ਅਸੀਂ ਦੁਨੀਆ ਨੂੰ ਰਹਿਣ ਲਾਇਕ ਇੱਕ ਬਿਹਤਰ ਸਥਾਨ ਬਣਾ ਸਕਦੇ ਹਾਂ। ਇਸ ਲਈ ਜੇਕਰ ਸਮਾਜ ਦੇ ਵਿਕਾਸ ਅਤੇ ਇਸ ਦੀ ਉੱਨਤੀ ਲਈ ਕਿਸੇ ਕੰਮ ਨੂੰ ਕਰਨ ਦੀ ਲੋੜ ਪਵੇ ਤਾਂ ਕਿਉਂ ਨਹੀਂ?’’ ਇਸੇ ਦੌਰਾਨ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਕਰੋਨਾ ਮਹਾਮਾਰੀ ਦੌਰਾਨ ਮਾਸਕ ਪਾ ਕੇ ਰੱਖਣ ਦੀ ਮਹੱਤਤਾ ਨੂੰ ਦਰਸਾਉਂਦਾ ਇੱਕ ਸੁਨੇਹਾ ਵੀ ਸਾਂਝਾ ਕੀਤਾ। ਸੋਨਾਕਸ਼ੀ ਨੇ ਲੌਕਡਾਊਨ ਦੌਰਾਨ ਦੇ ਕੁਝ ਤਜਰਬੇ ਵੀ ਸਾਂਝੇ ਕਰਦਿਆਂ ਦੱਸਿਆ ਕਿ ਭਾਵੇਂ ਬੌਲੀਵੁੱਡ ਲਈ ਪਿਛਲਾ ਸਾਲ ਕਾਫ਼ੀ ਸੁਸਤ ਰਿਹਾ ਪਰ ਇਸ ਦੇ ਨਾਲ ਹੀ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਵੀ ਮਿਲਿਆ। ਸੋਨਾਕਸ਼ੀ ਜਲਦੀ ਹੀ ਫਿਲਮ ‘ਭੁੱਜ: ਦਿ ਪ੍ਰਾਈਡ ਆਫ ਇੰਡੀਆ’ ਵਿੱਚ ਅਜੈ ਦੇਵਗਨ, ਸੰਜੈ ਦੱਤ, ਸ਼ਰਦ ਕੇਲਕਰ, ਐਮੀ ਵਿਰਕ, ਪ੍ਰਨੀਤਾ ਸੁਭਾਸ਼ ਅਤੇ ਨੋਰਾ ਫਤੇਹੀ ਨਾਲ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਉਹ ਫਿਲਮ ‘ਬੁਲਬੁਲ ਤਰੰਗ’ ਵਿੱਚ ਵੀ ਦਿਖਾਈ ਦੇਵੇਗੀ, ਜੋ ਕਿ ਆਨਲਾਈਨ ਰਿਲੀਜ਼ ਹੋਵੇਗੀ। ਸੋਨਾਕਸ਼ੀ ਵੈੱਬ ਸੀਰੀਜ਼ ‘ਫਾਲੇਨ’ ਨਾਲ ਓਟੀਟੀ ਪਲੇਟਫਾਰਮ ’ਤੇ ਵੀ ਸ਼ੁਰੂਆਤ ਕਰ ਰਹੀ ਹੈ।