ਨਵੀਂ ਦਿੱਲੀ, 25 ਅਗਸਤ

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲੱਕੀ ਅਲੀ ਇੱਕ ਅਜਿਹਾ ਨਾਂ ਹੈ, ਜਿਸ ਬਾਰੇ ਅੱਜ ਦੇ ਸਮੇਂ ਵਿੱਚ ਹਰ ਕੋਈ ਜਾਣਦਾ ਹੈ। 90ਵਿਆਂ ਵਿੱਚ ਆਏ ਉਸ ਦੇ ਗੀਤ ‘ਓ ਸਨਮ’ ਅਤੇ ‘ਤੇਰੀ ਯਾਦੇਂ ਆਤੀ ਹੈਂ’ ਸਮੇਤ ਹੋਰ ਗੀਤ ਅੱਜ ਵੀ ਤਾਜ਼ਾ ਲਗਦੇ ਹਨ। ਲੱਕੀ ਇਸ ਨੂੰ ਵਰਦਾਨ ਸਮਝਦਾ ਹੈ ਕਿ ਇੰਨੇ ਸਾਲ ਬਾਅਦ ਵੀ ਲੋਕ ਉਸ ਨਾਲ ਜੁੜੇ ਹੋਏ ਹਨ ਪਰ ਉਸ ਨੂੰ ਲੱਗਦਾ ਹੈ ਕਿ ਕਲਾਕਾਰਾਂ ਲਈ ਕੁਝ ਵੀ ਸਦਾ ਲਈ ਨਹੀਂ ਰਹਿੰਦਾ। ਰਿਲੀਜ਼ ਹੋਣ ਵਾਲੇ ਦਿਨ ਤੋਂ ਅੱਜ ਤੱਕ ਤਾਜ਼ਾ ਲੱਗਣ ਵਾਲੇ ਗੀਤਾਂ ਬਾਰੇ ਗੱਲਬਾਤ ਕਰਦਿਆਂ ਲੱਕੀ ਨੇ ਕਿਹਾ, ‘‘ਇਹ ਰੱਬੀ ਦਾਤ ਹੈ। ਮੈਂ ਉਨ੍ਹਾਂ ਚੀਜ਼ਾਂ ਲਈ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, ਜਿਹੜੀਆਂ ਆਮ ਤੌਰ ’ਤੇ ਸਾਡੇ ਲਈ ਸਦਾ ਲਈ ਨਹੀਂ ਰਹਿੰਦੀਆਂ। ਜਿੰਨਾ ਚਿਰ ਤੁਸੀਂ ਇੱਥੇ ਹੋ ਅਤੇ ਖੁਦ ਨੂੰ ਪ੍ਰਗਟ ਕਰਨ ਦੇ ਕਾਬਿਲ ਹੋ, ਉਦੋਂ ਤੱਕ ਤੁਹਾਡੀ ਅਹਿਮੀਅਤ ਬਣੀ ਰਹਿੰਦੀ ਹੈ ਅਤੇ ਜਿਸ ਪਲ ਤੁਸੀਂ ਬਾਜ਼ਾਰ ਦੀਆਂ ਜ਼ਰੂਰਤਾਂ ਅੱਗੇ ਝੁਕ ਜਾਂਦੇ ਹੋ ਤਾਂ ਇਸ ਦਾ ਅੰਤ ਹੋ ਜਾਂਦਾ ਹੈ।’’ ਜਦੋਂ ਲੱਕੀ ਨੂੰ ਪੁੱਛਿਆ ਗਿਆ ਕਿ ਉਸ ’ਤੇ ਕਦੇ ਆਪਣੀ ਅਹਿਮੀਅਤ ਕਾਇਮ ਰੱਖਣ ਦਾ ਦਬਾਅ ਰਿਹਾ ਹੈ, ਤਾਂ ਉਸ ਨੇ ਕਿਹਾ, ‘‘ਨਹੀਂ। ਮੈਨੂੰ ਯਾਦ ਹੈ ਕਿ ਜਦੋਂ ਮੈਨੂੰ ਪਹਿਲੀ ਵਾਰ ਆਪਣੇ ਕੰਮ ਲਈ ਪਛਾਣ ਮਿਲੀ ਸੀ ਤਾਂ ਇਹ ਮੇਰੇ ਲਈ ਨਿੱਜੀ ਤੌਰ ’ਤੇ ਨਵੀਂ ਚੀਜ਼ ਸੀ। ਉਂਜ ਮੈਂ ਆਪਣੇ ਪਰਿਵਾਰ ਵਿੱਚ ਇਹ ਸਭ ਕੁੱਝ ਦੇਖਿਆ ਹੈ।