ਓਟਵਾ, 22 ਅਪਰੈਲ : ਇਸ ਦਹਾਕੇ ਦੇ ਅੰਤ ਤੱਕ ਕੈਨੇਡਾ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਕਿਸ ਤਰ੍ਹਾਂ ਘੱਟ ਕਰੇਗਾ ਤੇ ਕੈਨੇਡਾ ਦਾ ਨਵਾਂ ਟੀਚਾ ਕੀ ਹੋਵੇਗਾ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਐਲਾਨ ਕਰਨਗੇ।
ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਲਾਈਮੇਟ ਚੇਂਜ ਨਾਲ ਸਿੱਝਣ ਲਈ ਜਾਰੀ ਲੜਾਈ ਦੇ ਸਬੰਧ ਵਿੱਚ ਰੱਖੀ ਗਈ ਸਿਖਰ ਵਾਰਤਾ ਦੀ ਅਗਵਾਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੀਤੀ ਜਾਵੇਗੀ ਤੇ ਇਸ ਦੌਰਾਨ ਹੀ ਇਸ ਵਰਚੂਅਲ ਸਮਿਟ ਵਿੱਚ ਟਰੂਡੋ ਕੈਨੇਡਾ ਦੇ ਟੀਚਿਆਂ ਦਾ ਖੁਲਾਸਾ ਕਰਨਗੇ।
ਟਰੂਡੋ ਉਸ ਸੈਸ਼ਨ ਵਿੱਚ ਕੈਨੇਡਾ ਦਾ ਪੱਖ ਸਪਸ਼ਟ ਕਰਨਗੇ ਜਿਸ ਵਿੱਚ ਦੁਨੀਆਂ ਭਰ ਦੇ ਆਗੂਆਂ ਨੇ ਆਪਣੇ ਦੇਸ਼ ਦੇ ਹਾਲਾਤ ਬਾਰੇ ਜਾਣੂ ਕਰਵਾਉਣਾ ਹੋਵੇਗਾ ਤੇ ਆਪਣੀਆਂ ਕਲਾਈਮੇਟ ਤਾਂਘਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਕਦਮਾਂ ਦਾ ਐਲਾਨ ਕਰਨਾ ਹੋਵੇਗਾ।ਬਾਇਡਨ ਤੇ ਉਨ੍ਹਾਂ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੱਲੋਂ ਇਸ ਈਵੈਂਟ ਦੀ ਸ਼ੁਰੂਆਤ ਕੀਤੀ ਜਾਵੇਗੀ।