ਇਕ ਬਿੱਲੀ ਦੇ ਤਿੰਨ ਬਲੂੰਗੜੇ ਸਨ। ਇਕ ਦਿਨ ਬਲੂੰਗੜੇ ਆਖਣ ਲੱਗੇ, ‘ਮੰਮੀ! ਮੰਮੀ ਅੱਜ ਸਾਡਾ ਖੀਰ ਖਾਣ ਨੂੰ ਜੀਅ ਕਰਦਾ।’ ਬਿੱਲੀ ਕਹਿਣ ਲੱਗੀ, ‘ਬੱਚਿਓ! ਖੀਰ ਤਾਂ ਮੈਂ ਬਣਾ ਦਿੰਦੀ ਹਾਂ, ਪਰ ਖੀਰ ਲਈ ਦੁੱਧ ਚਾਹੀਦਾ। ਦੁੱਧ ਕਿੱਥੋਂ ਲਿਆਵਾਂ?’ ਬਲੂੰਗੜੇ ਆਖਣ ਲੱਗੇ, ‘ਸਾਨੂੰ ਨਈ ਪਤਾ। ਅਸੀਂ ਤਾਂ ਖੀਰ ਹੀ ਖਾਵਾਂਗੇ।’ ਬਿੱਲੀ ਵਿਚਾਰੀ ਦੁੱਧ ਲੱਭਣ ਤੁਰ ਪਈ।
ਖੇਤਾਂ ਵਿਚ ਇਕ ਵੱਡਾ ਜਿਹਾ ਘਰ ਸੀ। ਬਿੱਲੀ ਉਸ ਘਰ ਵਿਚ ਚਲੀ ਗਈ। ਬਿੱਲੀ ਨੇ ਆਸੇ ਪਾਸੇ ਵੇਖਿਆ ਤਾਂ ਉੱਥੇ ਕੋਈ ਨਹੀਂ ਸੀ। ਬਿੱਲੀ ਛਾਲ ਮਾਰ ਕੇ ਰਸੋਈ ਵਿਚ ਵੜ ਗਈ। ਰਸੋਈ ਵਿਚ ਚੁੱਲ੍ਹੇ ’ਤੇ ਦੁੱਧ ਪਿਆ ਸੀ। ਦੁੱਧ ਵੇਖ ਬਿੱਲੀ ਦੇ ਮੂੰਹ ਵਿਚ ਪਾਣੀ ਆ ਗਿਆ। ਜਦੋਂ ਉਹ ਪਤੀਲੇ ਵਿਚੋਂ ਦੁੱਧ ਲੈਣ ਲੱਗੀ ਤਾਂ ਘਰ ਦੇ ਮਾਲਕ ਨੇ ਬਿੱਲੀ ’ਤੇ ਬੋਰੀ ਸੁੱਟ ਦਿੱਤੀ। ਬਿੱਲੀ ਬੋਰੀ ਵਿਚ ਉਲਝ ਗਈ ਅਤੇ ਉਸ ਨੇ ਬਿੱਲੀ ਨੂੰ ਫੜ ਲਿਆ। ਬਿੱਲੀ ਵਿਚਾਰੀ ਮਿਆਊਂ ਮਿਆਊਂ ਕਰਦੀ ਰਹਿ ਗਈ। ਉਸ ਨੇ ਬਿੱਲੀ ਨੂੰ ਵਿਹੜੇ ਵਿਚ ਨਿੰਮ ਨਾਲ ਬੰਨ੍ਹ ਦਿੱਤਾ।
ਬਲੂੰਗੜੇ ਵਿਚਾਰੇ ਬਿੱਲੀ ਦੀ ਉਡੀਕ ਕਰਦੇ ਕਰਦੇ ਸੌਂ ਗਏ। ਜਦੋਂ ਉਨ੍ਹਾਂ ਦੀ ਸਵੇਰੇ ਜਾਗ ਖੁੱਲ੍ਹੀ ਤਾਂ ਉਹ ਆਪਣੀ ਮਾਂ ਬਾਰੇ ਸੋਚ ਕੇ ਪਰੇਸ਼ਾਨ ਹੋ ਗਏ। ਤਿੰਨਾਂ ਬਲੂੰਗੜਿਆਂ ਨੇ ਆਪਣੀ ਮਾਂ ਨੂੰ ਲੱਭਣ ਦੀ ਸਲਾਹ ਬਣਾਈ। ਉਨ੍ਹਾਂ ਸਲਾਹ ਕੀਤੀ ਕਿ ਇਕ ਬਲੂੰਗੜਾ ਘਰ ਹੀ ਰਹੇਗਾ, ਜੇਕਰ ਪਿੱਛੋਂ ਬਿੱਲੀ ਮੰਮੀ ਵਾਪਸ ਆਈ ਤਾਂ ਉਹ ਭੱਜ ਕੇ ਦੂਜੇ ਦੋਵਾਂ ਬਲੂੰਗੜਿਆਂ ਨੂੰ ਬੁਲਾ ਲਿਆਵੇਗਾ। ਦੋਵੇਂ ਬਲੂੰਗੜੇ ਜਦੋਂ ਆਪਣੀ ਮਾਂ ਨੂੰ ਲੱਭਣ ਗਏ ਤਾਂ ਉਨ੍ਹਾਂ ਵੇਖਿਆ ਕਿ ਬਿੱਲੀ ਨੂੰ ਇਕ ਘਰ ਦੇ ਵਿਹੜੇ ਵਿਚ ਨਿੰਮ ਨਾਲ ਬੰਨ੍ਹਿਆ ਹੋਇਆ ਹੈ। ਜਦੋਂ ਉਹ ਆਪਣੀ ਮਾਂ ਕੋਲ ਜਾਣ ਲੱਗੇ ਤਾਂ ਬਿੱਲੀ ਨੇ ਕਿਹਾ ਕਿ ਭੱਜ ਜਾਓ, ਤੁਹਾਨੂੰ ਵੀ ਇੱਥੇ ਹੀ ਬੰਨ੍ਹ ਦੇਣਗੇ ਇਹ ਲੋਕ। ਦੋਵੇਂ ਬਲੂੰਗੜੇ ਡਰ ਕੇ ਭੱਜ ਆਏ।
ਉੱਧਰ ਜਿਹੜਾ ਬਲੂੰਗੜਾ ਘਰ ਸੀ, ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਜਦੋਂ ਉਹ ਆਪਣੇ ਘਰੋਂ ਬਾਹਰ ਨਿਕਲਿਆ ਤਾਂ ਉਸ ਨੂੰ ਇਕ ਚੂਹੇ ਦਾ ਬੱਚਾ, ਜਿਸ ਦਾ ਨਾਂ ਨੌਨੂੰ ਸੀ, ਦਿਖਾਈ ਦਿੱਤਾ। ਉਸ ਨੇ ਭੱਜ ਕੇ ਨੌਨੂੰ ਨੂੰ ਫੜ ਲਿਆ। ਜਦੋਂ ਉਹ ਨੌਨੂੰ ਨੂੰ ਖਾਣ ਲੱਗਾ ਤਾਂ ਨੌਨੂੰ ਤਰਲੇ ਮਿੰਨਤਾਂ ਕਰਨ ਲੱਗਾ ਅਤੇ ਆਖਣ ਲੱਗਾ, ‘ਮੈਥੋਂ ਬਿਨਾਂ ਮੇਰੀ ਮੰਮੀ ਰੋ-ਰੋ ਕੇ ਮਰ ਜਾਵੇਗੀ। ਮੈਨੂੰ ਛੱਡ ਦੇ। ਮੈਨੂੰ ਜਾਣ ਦੇ।’ ਨੌਨੂੰ ਦੀ ਗੱਲ ਸੁਣ ਕੇ ਬਲੂੰਗੜੇ ਨੂੰ ਆਪਣੀ ਮਾਂ ਦੀ ਯਾਦ ਆ ਗਈ। ਬਲੂੰਗੜਾ ਕਹਿਣ ਲੱਗਾ, ‘ਮੈਨੂੰ ਵੀ ਬੜੀ ਭੁੱਖ ਲੱਗੀ ਹੈ। ਮੇਰੀ ਮੰਮੀ ਕੱਲ੍ਹ ਸ਼ਾਮ ਦੀ ਘਰ ਨਹੀਂ ਆਈ। ਮੇਰੇ ਭਰਾ ਮੰਮੀ ਨੂੰ ਲੱਭਣ ਲਈ ਗਏ ਹਨ।’ ਬਲੂੰਗੜੇ ਦੀ ਗੱਲ ਸੁਣ ਕੇ ਨੌਨੂੰ ਕਹਿਣ ਲੱਗਾ, ‘ਤੂੰ ਮੈਨੂੰ ਛੱਡ ਦੇ। ਮੈਂ ਤੇਰੇ ਲਈ ਕੁਝ ਖਾਣ ਲਈ ਲਿਆਵਾਂਗਾ।’ ਬਲੂੰਗੜੇ ਨੇ ਤਰਸ ਕਰ ਕੇ ਨੌਨੂੰ ਨੂੰ ਛੱਡ ਦਿੱਤਾ।
ਨੌਨੂੰ ਨੇ ਘਰ ਆ ਕੇ ਆਪਣੀ ਮੰਮੀ ਨੂੰ ਸਾਰੀ ਗੱਲ ਦੱਸੀ। ਚੂਹੀ ਨੇ ਬਲੂੰਗੜੇ ਲਈ ਰੋਟੀਆਂ ਪਕਾਈਆਂ। ਚੂਹੀ ਅਤੇ ਨੌਨੂੰ ਬਲੂੰਗੜੇ ਲਈ ਜਦੋਂ ਰੋਟੀ ਲੈ ਕੇ ਗਏ, ਦੂਜੇ ਦੋਵੇਂ ਬਲੂੰਗੜੇ ਵੀ ਘਰ ਆ ਗਏ ਸਨ। ਦੋਵੇਂ ਬਲੂੰਗੜੇ ਪਹਿਲੇ ਬਲੂੰਗੜੇ ਨੂੰ ਦੱਸ ਰਹੇ ਸਨ ਕਿ ਬਿੱਲੀ ਮੰਮੀ ਨੂੰ ਕਿਸੇ ਨੇ ਨਿੰਮ ਨਾਲ ਬੰਨ੍ਹਿਆ ਹੋਇਆ ਹੈ।
ਨੌਨੂੰ ਅਤੇ ਉਸ ਦੀ ਮੰਮੀ ਨੇ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ। ਜਦੋਂ ਉਹ ਰੋਟੀ ਦੇਣ ਲਈ ਅੰਦਰ ਗਏ ਤਾਂ ਦੂਸਰੇ ਦੋਵੇਂ ਬਲੂੰਗੜੇ ਨੌਨੂੰ ਅਤੇ ਉਸ ਦੀ ਮੰਮੀ ’ਤੇ ਝਪਟ ਪਏ। ਪਹਿਲੇ ਬਲੂੰਗੜੇ ਨੇ ਉਨ੍ਹਾਂ ਦੋਵਾਂ ਬਲੂੰਗੜਿਆਂ ਨੂੰ ਰੋਕਿਆ ਅਤੇ ਕਿਹਾ ਕਿ ਇਹ ਮੇਰੇ ਦੋਸਤ ਹਨ। ਇਨ੍ਹਾਂ ਨੂੰ ਛੱਡ ਦਿਓ, ਪਰ ਦੋਵੇਂ ਬਲੂੰਗੜੇ ਮੰਨਣ ਲਈ ਤਿਆਰ ਨਹੀਂ ਸਨ। ਚੂਹੀ ਮੰਮੀ ਕਹਿਣ ਲੱਗੀ, ‘ਤੁਸੀਂ ਸਾਨੂੰ ਛੱਡ ਦਿਉ। ਅਸੀਂ ਤੁਹਾਡੀ ਮੰਮੀ ਨੂੰ ਲਿਆਵਾਂਗੇ।’ ਦੋਵੇਂ ਬਲੂੰਗੜੇ ਹੱਸਣ ਲੱਗੇ- ‘ਤੁਸੀਂ ਸਾਡੇ ਮੰਮੀ ਨੂੰ ਕਿਵੇਂ ਲੈ ਕੇ ਆਓਗੇ? ਤੁਸੀਂ ਪਿੱਦੇ ਚੂਹੇ।’ ਚੂਹੀ ਮੰਮੀ ਕਹਿਣ ਲੱਗੀ, ‘ਤੁਸੀਂ ਸਾਡੇ ’ਤੇ ਭਰੋਸਾ ਰੱਖੋ।’ ਬਲੂੰਗੜਿਆਂ ਨੇ ਚੂਹੀ ਮੰਮੀ ਤੇ ਨੌਨੂੰ ਨੂੰ ਛੱਡ ਦਿੱਤਾ।
ਚੂਹੀ ਮੰਮੀ ਅਤੇ ਨੌਨੂੰ ਦੋਵੇਂ ਬਲੂੰਗੜਿਆਂ ਨਾਲ ਬਿੱਲੀ ਮੰਮੀ ਕੋਲ ਚਲੇ ਗਏ। ਘਰ ਦੇ ਮਾਲਕ ਸੁੱਤੇ ਪਏ ਸਨ। ਚੂਹੀ ਮੰਮੀ ਤੇ ਨੌਨੂੰ ਨੇ ਬਿੱਲੀ ਦੀ ਰੱਸੀ ਆਪਣੇ ਤਿੱਖੇ ਦੰਦਾਂ ਨਾਲ ਕੁਤਰ ਦਿੱਤੀ। ਬਿੱਲੀ ਆਜ਼ਾਦ ਹੋ ਗਈ। ਹੁਣ ਬਿੱਲੀ ਪਰਿਵਾਰ, ਚੂਹੀ ਮੰਮੀ ਅਤੇ ਨੌਨੂੰ ਸਾਰੇ ਖ਼ੁਸ਼ ਸਨ।