ਪਟਿਆਲਾ, 5 ਫਰਵਰੀ
ਪੰਜਾਬ ਸਰਕਾਰ ਦੀ ਡਾਵਾਂਡੋਲ ਹੋਈ ਵਿੱਤੀ ਸਥਿਤੀ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਨੂੰ ਵੀ ਮੰਦੇਹਾਲੀਂ ਕਰ ਦਿੱਤਾ ਹੈ। ਅਜਿਹੇ ਵਿੱਚ ਪਾਵਰਕੌਮ ਕੋਲ ਜਿੱਥੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਦੀ ਵੀ ਗੁੰਜਾਇਸ਼ ਨਹੀਂ ਬਚੀ ਉਥੇ ਹੀ ਇਸਦੀਆਂ ਦੇਣਦਾਰੀਆਂ ਵੀ ਅੱਧਵਾਟੇ ਘਿਰਨ ਨਾਲ ਇਸ ਬਿਜਲੀ ਕੰਪਨੀ ਦੀ ਸਾਖ਼ ਨੂੰ ਗ੍ਰਹਿਣ ਲੱਗ ਰਿਹਾ ਹੈ।
ਉਧਰ ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਨੇ ਕੰਪਨੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਅੱਗੇ ਆਉਣ ਦੀ ਗੁਹਾਰ ਲਾਈ ਹੈ। ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ 5 ਫਰਵਰੀ ਨੂੰ ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਰੋਸ ਧਰਨਾ ਦੇਣ ਦਾ ਵੀ ਫੈ਼ਸਲਾ ਲਿਆ ਹੈ। ਦੱਸਣਯੋਗ ਹੈ ਕਿ ਪਹਿਲੀ ਵਾਰ ਪਾਵਰਕੌਮ ਦੇ ਮੁਲਾਜ਼ਮਾਂ ਦੀ ਤਨਖ਼ਾਹ ਰੁਕੀ ਹੈ। ਅਜਿਹਾ ਆਸਾਵਾਂ ਮਾਹੌਲ ਸਰਕਾਰ ਵੱਲੋਂ ਪਾਵਰਕੌਮ ਨੂੰ ਬਿਜਲੀ ਸਬਸਿਡੀ ਦੀ ਬਕਾਇਆ ਰਕਮ ਦੀ ਅਦਾਇਗੀ ਨਾ ਕਰਨ ਕਰਕੇ ਬਣਿਆ ਹੈ। ਇਸ ਸਿਲਸਿਲੇ ਵਿੱਚ ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਨੇ ਅੱਜ ਕੀਤੀ ਅਹਿਮ ਬੈਠਕ ਮਗਰੋਂ ਖ਼ੁਲਾਸਾ ਕੀਤਾ ਕਿ ਅਪਰੈਲ 2017 ਤੱਕ ਸਬਸਿਡੀ ਦੀ 2909 ਕਰੋੜ ਦੀ ਕਰੀਬ ਬਣਦੀ ਰਕਮ ਹਾਲੇ ਤੱਕ ਅਦਾਰੇ ਨੂੰ ਨਹੀਂ ਸੌਂਪੀ ਗਈ, ਜਦਕਿ ਇਸ ਚਾਲੂ ਵਿੱਤੀ ਸਾਲ ਦੇ ਹੁਣ ਤੱਕ ਦੇ ਅਰਸੇ ਦੌਰਾਨ 8 ਹਜ਼ਾਰ ਕਰੋੜ ਦੀ ਸਬਸਿਡੀ ਹੋਰ ਬਣ ਚੁੱਕੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ 10,500 ਕਰੋੜ ਦੀ ਕੁੱਲ ਬਣਦੀ ਬਕਾਇਆ ਰਕਮ ਵਿੱਚੋਂ ਹੁਣ ਤੱਕ ਸਿਰਫ਼ 2400 ਕਰੋੜ ਹੀ ਅਦਾ ਕੀਤੇ ਗਏ ਹਨ। ਇਸ ਰਕਮ ਤੋਂ ਇਲਾਵਾ 850 ਕਰੋੜ ਉਦੈ ਸਕੀਮ ਦੇ ਖਾਤੇ ਵਾਲੀ ਰਕਮ ਤੇ 2400 ਕਰੋੜ ਦੇ ਕਰੀਬ ਵਾਪਸ ਭੁਗਤਾਨ ਨਾ ਕੀਤੀ ਗਈ ਹੋਰ ਰਕਮ ਦੇ ਜੋੜ ਮਗਰੋਂ ਪੰਜਾਬ ਸਰਕਾਰ ਵੱਲ 4800 ਕਰੋੜ ਦੀ ਰਕਮ ਬਿਜਲੀ ਸਬਸਿਡੀ ਵਜੋਂ ਬਕਾਇਆ ਖੜ੍ਹੀ ਹੈ।
ਜਾਣਕਾਰੀ ਅਨੁਸਾਰ ਪਾਵਰਕੌਮ ਨੇ ਕੋਲੇ ਆਦਿ ਤੇ ਹੋਰਨਾਂ ਖਰੀਦਦਾਰੀਆਂ ਲਈ ਬਾਹਰੀ ਖੇਤਰਾਂ ਨੂੰ ਲਗਭਗ 1500 ਕਰੋੜ ਰੁਪਏ ਦੀ ਅਦਾਇਗੀ ਕਰਨੀ ਹੈ, ਪਰ ਕੰਪਨੀ ਦਾ ਹੱਥ ਅਸਲੋਂ ਹੀ ਤੰਗ ਹੋਣ ਕਰਕੇ ਅਦਾਇਗੀ ਨਹੀਂ ਹੋ ਰਹੀ ਤੇ ਰਕਮ ਉੱਤੇ 18 ਫੀਸਦੀ ਵਿਆਜ ਲੱਗ ਰਿਹਾ ਹੈ, ਜੋ ਪ੍ਰਤੀ ਮਹੀਨਾ 200 ਕਰੋੜ ਰੁਪਏ ਦੇ ਕਰੀਬ ਬਣਦਾ ਹੈ।
ਦੱਸਣਯੋਗ ਹੈ ਕਿ ਪਾਵਰਕੌਮ ਇਸ ਤੋਂ ਪਹਿਲਾਂ ਹੀ 3500 ਕਰੋੜ ਦੇ ਓਵਰਆਲ ਘਾਟੇ ਵਿੱਚ ਪਿਸ ਰਿਹਾ ਹੈ। ਕੰਪਨੀ ਸਿਰ 28 ਹਜ਼ਾਰ ਕਰੋੜ ਰੁਪਏ ਦੇ ਕਰੀਬ ਕਰਜ਼ੇ ਦਾ ਬੋਝ ਵੱਖਰਾ ਹੈ, ਜਿਸ ਦੇ ਚੱਲਦਿਆਂ ਇੰਜਨੀਅਰਜ਼ ਐਸੋਸੀਏਸ਼ਨ ਨੇ ਰੈਗੂਲੇਟਰੀ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਕੰਪਨੀ ਦੇ ਹਿਤਾਂ ਲਈ ਯੋਗ ਫ਼ੈਸਲੇ ਲਏ ਜਾਣ।