ਚੰਡੀਗੜ੍ਹ, 31 ਅਗਸਤ

ਪੰਜਾਬ ਸਰਕਾਰ ਨੇ ਕੋਵਿਡ ਪ੍ਰਬੰਧਾਂ ਨੂੰ ਲੈ ਕੇ ਆਪਣੀ ਭੱਲ ਖੜ੍ਹੀ ਕਰਨ ਵਾਸਤੇ ਅੱਜ ‘ਸਭ ਅੱਛਾ’ ਮੁਹਿੰਮ ਵਿੱਢੀ ਹੈ ਤਾਂ ਜੋ ਕੁਤਾਹੀਆਂ ’ਤੇ ਪੋਚਾ ਫੇਰਿਆ ਜਾ ਸਕੇ। ਪੰਜਾਬ ਭਰ ਵਿਚ ਕੋਵਿਡ ਕੇਅਰ ਸੈਂਟਰਾਂ ਅਤੇ ਇਕਾਂਤਵਾਸ ਕੇਂਦਰਾਂ ’ਚੋਂ ਛੁੱਟੀ ਮਗਰੋਂ ਘਰਾਂ ਨੂੰ ਜਾਣ ਵਾਲੇ ਮਰੀਜ਼ ਸਰਕਾਰੀ ਪ੍ਰਬੰਧਾਂ ਨੂੰ ਲੈ ਕੇ ਵਾਹ-ਵਾਹ ਕਰ ਰਹੇ ਹਨ, ਜਿਨ੍ਹਾਂ ਦੀਆਂ ਬਾਕਾਇਦਾ ਵੀਡੀਓਜ਼ ਤਿਆਰ ਕੀਤੀਆਂ ਜਾ ਰਹੀਆਂ ਹਨ। ਇਕਾਂਤਵਾਸ ਕੇਂਦਰਾਂ ਵਿਚ ਚੱਲ ਰਹੇ ਯੋਗਾ ਪ੍ਰੋਗਰਾਮਾਂ ਨੂੰ ਪ੍ਰਚਾਰਿਆ ਜਾ ਰਿਹਾ ਹੈ ਅਤੇ ਕਈ ਕੇਂਦਰਾਂ ਵਿਚ ਮਰੀਜ਼ ਭੰਗੜਾ ਪਾਉਂਦੇ ਦਿਖਾਏ ਗਏ ਹਨ। ਇਹ ਚੰਗਾ ਪੱਖ ਹੈ ਕਿ ਕੋਵਿਡ ਮਰੀਜ਼ਾਂ ਦਾ ਹੌਸਲਾ ਬੰਨ੍ਹਣ ਅਤੇ ਮਾਨਸਿਕ ਤੌਰ ’ਤੇ ਮਜ਼ਬੂਤੀ ਲਈ ਇਕਾਂਤਵਾਸ ਕੇਂਦਰਾਂ ਵਿਚ ਕੌਂਸਲਿੰਗ ਅਤੇ ਹੋਰ ਪ੍ਰੋਗਰਾਮ ਹੋਣੇ ਚਾਹੀਦੇ ਹਨ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਮਰੀਜ਼ਾਂ ਨੂੰ ਪ੍ਰੇਰਿਤ ਕਰਕੇ ਸਰਕਾਰੀ ਗੁਣਗਾਨ ਕਰਾਇਆ ਜਾ ਰਿਹਾ ਹੈ। ਉਧਰ, ਸੋਸ਼ਲ ਮੀਡੀਆ ’ਤੇ ਕੋਵਿਡ ਨੂੰ ਲੈ ਕੇ ਕਈ ਤਰ੍ਹਾਂ ਦਾ ਕੂੜ ਪ੍ਰਚਾਰ ਵੀ ਭੈਅ ਪੈਦਾ ਕਰ ਰਿਹਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਸਰਜਨਾਂ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਸ੍ਰੀ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਸਿਹਤ ਵਿਭਾਗ ਦੇ ਲਗਪਗ 836 ਮੁਲਾਜ਼ਮ ਕਰੋਨਾ ਤੋਂ ਪ੍ਰਭਾਵਿਤ ਹੋਏ ਹਨ ਤੇ 2 ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਪੁਲੀਸ ਵਿਭਾਗ ਦੇ ਲਗਪਗ 1650 ਮੁਲਾਜ਼ਮ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚੋਂ 13 ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਬੀਤੇ ਦਿਨ ਪਟਿਆਲਾ ਦੇ ਥਾਣਾ ਤ੍ਰਿਪੜੀ ਵਿੱਚ ਆਈਪੀਸੀ ਦੀ ਧਾਰਾ 188 ਅਤੇ ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 54 ਤਹਿਤ ਦਰਜ ਕੀਤੇ ਗਏ ਹਨ।