ਬਲਰਾਜ ਸਿੰਘ
ਵਿਅੰਗ

ਅਸੀਂ ਝੂਠ ਨਹੀਂ ਬੋਲਦੇ। ਜ਼ਿੰਦਗੀ ਦੇ ਪਿਛਲੇ ਪਹਿਰ ਝੂਠ ਬੋਲਣਾ ਸੋਭਦਾ ਵੀ ਨਹੀਂ। ਕੱਲ੍ਹ ਨੂੰ ਰੱਬ ਨੂੰ ਵੀ ਜਾਨ ਦੇਣੀ ਹੈ। ਅਸੀਂ ਕੋਈ ਸਾਧੂ-ਸੰਤ ਨਹੀਂ ਕਿ ਸਾਨੂੰ ਚੱਤੇ ਪਹਿਰ ਪਰਮਾਤਮਾ ਦੇ ਜਾਂ ਫਿਰ ਕਰਮੰਡਲ ਸਮੇਤ ‘ਅਲਖ-ਨਿਰੰਜਣ’ ‘ਅਲਖ-ਨਿਰੰਜਣ’ ਕਰਦਿਆਂ ਦੇ ਹੀ ਸੁਪਨੇ ਆਉਂਦੇ ਹੋਣ। ਸਾਡੇ ਸੁਪਨਿਆਂ ਦਾ ਸਰੂਪ ਵੀ ਜ਼ਿੰਦਗੀ ਦੇ ਹਰ ਮਰਹਲੇ ’ਤੇ ਸੁਤੇ-ਸਿੱਧ ਬਦਲਦਾ ਰਿਹਾ ਹੈ। ਜਦੋਂ ਸੰਨ 1960 ਵਿਚ ਅਸੀਂ ਚੌਕ ਸ਼ੇਖਾਂ ਵਾਲੇ ਤੱਪੜ ਵਾਲੇ ਪ੍ਰਾਇਮਰੀ ਸਕੂਲ ਦੇ ਤਾਲਬ ਇਲਮ ਸੀ, ਉਦੋਂ ਦਿਨ ਰਾਤ ਪਹਾੜੇ ਰੱਟਣ ਕਰਕੇ ਅਸੀਂ ਸੁਪਨਿਆਂ ’ਚ ਵੀ ਇਕ ਦੂਣੀ ਦੂਣੀ, ਦੋ ਦੂਣੀ ਚਾਰ ਦੀ ਗਰਜਣਾ ਕਰ ਕਰ ਕੇ ਘਰਦਿਆਂ ਨੂੰ ਵਖਤ ਪਾਈ ਰੱਖਦੇ ਸੀ। ਸੈਕੰਡਰੀ ਸਕੂਲ ਵਿਚ ਹਰਸ਼ ਵਰਧਨ, ਰਜ਼ੀਆ ਸੁਲਤਾਨਾ, ਭਾਂਤ-ਭਾਂਤ ਦੀਆਂ ਥਿਊਰਮਾਂ ਤੇ ਅਲਜ਼ਬਰੇ ਦੇ ਫਾਰਮੂਲਿਆਂ ਨੇ ਸਾਡੇ ਸੁਪਨਿਆਂ ’ਚ ਖੌਰੂ ਪਾਈ ਰੱਖਿਆ। ਕਾਲਜ ਤੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਅਸੀਂ ਸ਼ੈਕਸਪੀਅਰ ਤੇ ਮਾਰਲੋ ਦੇ ਡਰਾਮਿਆਂ ਦੇ ਨਾਇਕਾਂ ਦੀ ਅਦਾਕਾਰੀ ਸੁਪਨਿਆਂ ’ਚ ਵੀ ਕਰਦੇ ਰਹੇ ਤੇ ਰੁੜ੍ਹ-ਪੜ੍ਹ ਗਈ ਜਵਾਨੀ ਦੀ ਤਿਖੇਰੀ ਦੁਪਹਿਰ ਸਮੇਂ ਆਪਣੇ ਆਪ ਨੂੰ ਧਰਮਿੰਦਰ ਤਸੱਵਰ ਕਰਕੇ ਡਰੀਮ-ਗਰਲ ਹੇਮਾ ਮਾਲਿਨੀ ਨਾਲ ਸੁਪਨਿਆਂ ’ਚ ਹੀ ਦਰੱਖਤਾਂ ਦੁਆਲੇ ਊਰੀ ਵਾਂਗ ਘੁੰਮ-ਘੁੰਮ ਕੇ ਡਾਂਸ ਕਰਦੇ ਰਹੇ। ਹੁਣ ਜਦੋਂ ਦਾ ਕਰੋਨੇ ਨੇ ਕਹਿਰ ਢਾਹੁਣਾ ਸ਼ੁਰੂ ਕੀਤਾ ਹੈ, ਸਾਨੂੰ ਸੁਪਨਿਆਂ ’ਚ ਕਰੋਨਾ ਦੀਆਂ ਅਲੱਗ-ਅਲੱਗ ਅਖ਼ਬਾਰੀ ਕਲਪਿਤ ਸ਼ਕਲਾਂ ਤੋਂ ਬਿਨਾਂ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ। ਕਦੇ ਕਰੋਨਾ ਸੂਲਾਂ ਲੱਗੇ ਫੁੱਟਬਾਲ ਦੇ ਆਕਾਰ ਵਿਚ ਦਿਖਾਈ ਦਿੰਦਾ ਹੈ, ਕਦੇ ਟਿੱਡੇ ਦੇ ਰੂਪ ਵਿਚ ਤੇ ਕਦੇ ਸੈਲਿਊਟ ਕਰਦੇ ਸੈਨਿਕ ਦੇ ਰੂਪ ਵਿਚ। ਕਰੋਨਾ ਦੇ ਇਨ੍ਹਾਂ ਬਦਲਦੇ ਰੂਪਾਂ ਦੇ ਨਿੱਤ-ਨਿੱਤ ਦ੍ਰਿਸ਼ਟੀਗੋਚਰ ਹੋਣ ਕਾਰਨ ਅਸੀਂ ਭੈਅਭੀਤ ਹੋ ਕੇ ਮੁੜ੍ਹਕੋ-ਮੁੜ੍ਹਕੀ ਹੋਏ ਅਕਸਰ ਰਾਤਾਂ ਨੂੰ ਡਡਿਆ ਕੇ ਉੱਠ ਖੜੋਂਦੇ ਹਾਂ। ਬਿਹਾਰ ਦੀ ਇਕ ਔਰਤ ਨੂੰ ਤਾਂ ਕਰੋਨਾ ਮਾਤਾ ਨੇ ਕੁਝ ਦਿਨ ਪਹਿਲਾਂ ਇਕ ਗਾਂ ਦੇ ਰੂਪ ਵਿਚ ਦਰਸ਼ਨ ਦਿੱਤੇ ਸਨ, ਪਰ ਸਾਨੂੰ ਕੱਲ੍ਹ ਰਾਤ ਦੇ ਪਿਛਲੇ ਪਹਿਰ ਕਰੋਨਾ ਮਾਤਾ ਨੇ ਸ਼ੇਰਨੀ ਦੇ ਰੂਪ ਵਿਚ ਦਰਸ਼ਨ ਦਿੱਤੇ। ਅਸੀਂ ਸੁਪਨੇ ’ਚ ਹਾਲ ਪਾਹਰਿਆ ਕਰਦਿਆਂ ਭੱਜਣ ਲੱਗੇ ਤਾਂ ਸ਼ੇਰਨੀ ਨੇ ਤਲਿਸਮੀ ਢੰਗ ਨਾਲ ਇਕ ਔਰਤ ਦੇ ਰੂਪ ਵਿਚ ਬਦਲ ਕੇ ਸਾਨੂੰ ਦੱਸਿਆ ਕਿ ਉਹ ਕਰੋਨਾ ਮਾਤਾ ਹੈ ਅਤੇ ਸਾਨੂੰ ਉਸ ਤੋਂ ਡਰਨ ਦੀ ਉੱਕਾ ਹੀ ਲੋੜ ਨਹੀਂ। ਮਾਤਾ ਨੇ ਸਾਨੂੰ ਨਸੀਹਤ ਕੀਤੀ ਹੈ ਕਿ ਜੇ ਅਸੀਂ ਮੰਗਲਵਾਰ ਤੇ ਵੀਰਵਾਰ ਉਸ ਦੀ ਵਿਧੀਪੂਰਬਕ ਪੂਜਾ ਕਰ ਕੇ ਉਸ ਨੂੰ ਪ੍ਰਸੰਨ ਕਰਾਂਗੇ ਤਾਂ ਉਹ ਸਾਡਾ ਸ਼ਹਿਰ, ਸੂਬਾ, ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆਂ ਦਾ ਖਹਿੜਾ ਛੱਡ ਕੇ ਸਦਾ ਲਈ ਲੋਪ ਹੋ ਜਾਵੇਗੀ ਅਤੇ ਜਾਣ ਤੋਂ ਪਹਿਲਾਂ ਕਰੋਨਾ ਦੇ ਮੌਜੂ ਦਾ ਮਰੀਜ਼ਾਂ ਨੂੰ ਵੀ ਪਵਿੱਤਰ ਜਲ ਦਾ ਛਿੱਟਾ ਦੇ ਕੇ ਨੌਂ-ਬਰ-ਨੌਂ ਕਰ ਜਾਵੇਗੀ। ਅਸੀਂ ਸਰਬੱਤ ਦਾ ਭਲਾ ਕਰਨ ਦੇ ਉਦੇਸ਼ ਨਾਲ ਦੁਨੀਆਂ ਭਰ ਦੇ ਮਰੀਜ਼ਾਂ ਖ਼ਾਤਰ ਕਰੋਨਾ ਮਾਤਾ ਦੀ ਪੂਜਾ ਕਰ ਕੇ ਉਸ ਨੂੰ ਇੱਥੋਂ ਰੁਖ਼ਸਤ ਕਰਨ ਦਾ ਅਹਿਮ ਫ਼ੈਸਲਾ ਕਰ ਲਿਆ ਹੈ। ਸਾਡੇ ਪੋਤਰੇ ਅਤੇ ਪੋਤਰੀ ਨੇ ਆਪਣੇ ਡਰਾਇੰਗ ਦੇ ਵਿਸ਼ੇ ਦਾ ਲਾਹਾ ਲੈਂਦਿਆਂ ਕਰੋਨਾ ਮਾਤਾ ਦਾ ਆਦਮ ਕੱਦ ਚਿੱਤਰ, ਆਸ਼ੀਰਵਾਦ ਦੇਣ ਦੇ ਪੋਜ਼ ਵਿਚ, ਘਰ ਅੰਦਰ ਬਿਲਕੁਲ ਸਾਹਮਣੀ ਕੰਧ ’ਤੇ ਲਗਾ ਦਿੱਤਾ ਹੈ ਅਤੇ ਸਾਰੇ ਪਰਿਵਾਰ ਨੇ ਨਹਾ-ਧੋ ਕੇ ‘ਪੁਸ਼ਪਾਂਜਲੀ’ ਦੀ ਰਸਮ ਸੰਪੂਰਨ ਕਰ ਕੇ ਸੌ-ਸੌ ਰੁਪਏ ਮੱਥਾ ਟੇਕ ਕੇ ਤੁਰੰਤ ਹੀ ਕਰੋਨਾ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਮਾਤਾ ਦੇ ਪ੍ਰਕੋਪ ਤੋਂ ਪੂਰੀ ਦੁਨੀਆਂ ਨੂੰ ਰਾਹਤ ਮਿਲ ਸਕੇ।

ਜਦੋਂ ਤੋਂ ਲੋਕਾਂ ਨੂੰ ਪਤਾ ਲੱਗਾ ਹੈ ਕਿ ਸਾਨੂੰ ਕਰੋਨਾ ਮਾਤਾ ਦੇ ਦਰਸ਼ਨ ਹੋਏ ਹਨ, ਉਹ ਸਾਡੀ ਵੀ ਪੂਜਾ ਕਰਨ ਲੱਗ ਪਏ ਹਨ। ਲੋਕ ਸਾਡੇ ਘਰ ਨੂੰ ਤੀਰਥ ਜਿਹਾ ਮੰਨ ਕੇ ਪੁਰਾਣੇ ਮੋਗੇ ਵਹੀਰਾ ਘੱਤ ਕੇ ਲੱਖਾਂ ਦੀ ਗਿਣਤੀ ’ਚ ਹਰ ਰੋਜ਼ ਆ ਰਹੇ ਹਨ। ਉਹ ਸਾਨੂੰ ਕਰੋਨਾ ਮਾਤਾ ਦਾ ਪੱਕਾ ਦੂਤ ਸਮਝ ਕੇ ਕਰੋਨਾ ਤੋਂ ਬਚਾਉਣ ਦਾ ਪੱਕਾ ਜ਼ਰੀਆ ਸਮਝ ਰਹੇ ਹਨ ਤੇ ਸਾਡੇ ਰਾਹੀਂ ਕਰੋਨਾ ਮਾਤਾ ਨੂੰ ਖ਼ੁਸ਼ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਜਨਤਾ ਦੀ ਅਥਾਹ ਭੀੜ ਦਾ ਲਾਹਾ ਲੈਣ ਲਈ ਘਰਦਿਆਂ ਨੇ ਸਾਨੂੰ ਮਿਲਣ ਲਈ 100 ਰੁਪਏ ਟਿਕਟ ਲਾ ਦਿੱਤੀ ਹੈ ਤੇ ਸ਼ਾਮ ਤਾਈਂ ਨਕਦ ਨਾਰਾਇਣ ਨਾਲ ਪੰਜਾਹ-ਪੰਜਾਹ ਕਿਲੋ ਵਾਲੀਆਂ ਚਾਰ ਕੁ ਬੋਰੀਆਂ ਤਾਂ ਸਹਿਜੇ ਹੀ ਭਰ ਜਾਂਦੀਆਂ ਹਨ। ਹਜ਼ਾਰਾਂ ਸ਼ਰਧਾਲੂ ਕੇਲੇ, ਅੰਬ, ਚੀਕੂ, ਅਨਾਰ ਤੇ ਕੀਵੀ ਜਿਹੇ ਮਹਿੰਗੇ ਫ਼ਲ ਵੀ ਭੇਟ ਕਰ ਰਹੇ ਹਨ। ਅਸੀਂ ਕੋਮਲ ਹਿਰਦੇ ਵਾਲੇ ਪਰਉਪਕਾਰੀ ਜੀਵਨ ਹੋਰ ਕਾਰਨ ਕਿਸੇ ਦੀ ਵੀ ਭੇਟਾ ਨਹੀਂ ਮੋੜਦੇ। ਸ਼ਰਧਾਲੂਆਂ ਦੀ ਅਥਾਹ ਸ਼ਰਧਾ ਸਦਕਾ ਸਾਡੇ ਜਨਮ ਵੇਲਿਆਂ ਦਾ ਸੰਨ 1952 ਵਾਲਾ ਤਿੰਨ ਲੱਤਾਂ ਵਾਲਾ ਮੇਜ਼ ਤਾਂ ਮਹਿਜ਼ ਪੰਜ ਮਿੰਟ ’ਚ ਹੀ ਭਰ ਜਾਂਦਾ ਹੈ। ਭੇਟਾ ਰੱਖਣ ਲਈ ਥਾਂ ਨਾ ਹੋਣ ਕਾਰਨ ਵਿਚਾਰੇ ਸ਼ਰਧਾਲੂਆਂ ਦੇ ਤ੍ਰਿਪ-ਤ੍ਰਿਪ ਡਿੱਗਦੇ ਹੰਝੂ ਦੇਖ ਕੇ ਸਾਡਾ ਦਿਲ ਪਸੀਜ ਗਿਆ ਹੈ। ਸੋ ਅਸੀਂ ਆਪਣਾ ਝੁੱਗਾ ਚੌੜ ਕਰਾ ਕੇ, ਵੀਹ ਹਜ਼ਾਰ ਰੁਪਏ ਪੱਲਿਓਂ ਖਰਚ ਕੇ, ਲੋਕਾਂ ਦੀਆਂ ਭੇਟਾਵਾਂ ਸਵੀਕਾਰ ਕਰਨ ਲਈ ਦਸ-ਦਸ ਫੁੱਟ ਉੱਚੇ ਪੰਜ ਵੱਡੇ ਡਰੰਮ ਲੈ ਆਂਦੇ ਹਨ। ਕੋਲ ਸਟੂਲ ਰੱਖ ਦਿੱਤੇ ਹਨ। ਹੁਣ ਸ਼ਰਧਾਲੂ ਕਰੋਨਾ ਮਾਤਾ ਦੀ ਤਸਵੀਰ ਨੂੰ ਚਰਨ ਬੰਦਨਾ ਕਰਕੇ, ਸਟੂਲਾਂ ’ਤੇ ਚੜ੍ਹ ਕੇ ਡਰੰਮਾਂ ’ਚ ਆਪਣੀਆਂ ਵੰਨ-ਸੁਵੰਨੀਆਂ ਭੇਟਾਵਾਂ ਪਾਈ ਜਾਂਦੇ ਹਨ। ਰਾਤ ਨੂੰ ਨਿੱਕੇ ਪੋਤਰੇ ਦੇ ਲੱਕ ਨੂੰ ਰੱਸੀ ਬੰਨ੍ਹ ਕੇ ਹਰ ਢੋਲ (ਡਰੰਮ) ਵਿਚ ਲਟਕਾ ਦੇਈਦਾ ਹੈ ਤੇ ਉਹ ਅੱਖ ਦੇ ਫੋਰ ’ਚ ਸਭ ਕੁਝ ਬਾਹਰ ਧੂਹ ਲਿਆਉਂਦਾ ਹੈ।

ਕਰੋਨਾ ਮਾਤਾ ਨੂੰ ਖ਼ੁਸ਼ ਕਰਕੇ ਕਰੋਨਾ ਤੋਂ ਨਿਜਾਤ ਪਾਉਣ ਲਈ ਅਨੇਕਾਂ ਸ਼ਰਧਾਲੂ ਸਾਨੂੰ ਪੰਜ-ਪੰਜ ਮੀਟਰ ਦੇ ਗੂੜ੍ਹੇ ਲਾਲ ਰੰਗ ਦੇ ਕੱਪੜੇ, ਨਿੱਕਰਾਂ, ਪੈਂਟਾਂ ਤੇ ਫਤੂਹੀਆਂ ਦਾ ਵੀ ਮੱਥਾ ਟੇਕ ਰਹੇ ਹਨ। ਹੁਣ ਬੁੱਢੇ ਵਾਰੇ ਲਾਲ ਕੱਪੜੇ ਤਾਂ ਪਾ ਨਹੀਂ ਹੁੰਦੇ, ਸੋ ਅਸੀਂ ਦੋ ਮੀਲ ਦੂਰ ਸਟੇਸ਼ਨ ’ਤੇ ਬੈਠੇ ਮੰਗਤਿਆਂ ਨੂੰ ਇਹ ਕੱਪੜੇ ਦਾਨ ਕਰ ਕੇ ‘ਇਕ ਪੰਥ, ਦੋ ਕਾਜ’ ਵਾਲਾ ਕੰਮ ਕਰ ਰਹੇ ਹਾਂ। ਇਹ ਜ਼ਰੂਰਤਮੰਦ ਲੋਕ ਵੀ ਖ਼ੁਸ਼ ਹੋ ਜਾਂਦੇ ਹਨ। ਮੰਗਲਵਾਰ ਨੂੰ ਕਰੋਨਾ ਮਾਤਾ ਦੁਆਰਾ ਹੋਣ ਵਾਲੀ ਕਿਰਪਾ ’ਚ ਵੀ ਇਜ਼ਾਫ਼ਾ ਹੋ ਜਾਂਦਾ ਹੈ। ਕਈ ਸ਼ਰਧਾਲੂ ਨਹਾ-ਧੋ ਕੇ ਮੰਗਲਵਾਰ ਵਾਲੇ ਦਿਨ ਸਾਨੂੰ ਕਰੋਨਾ ਮਾਤਾ ਦਾ ਦੂਤ ਮੰਨ ਕੇ ਮੂੰਗੇ, ਸੋਨੇ ਤੇ ਚਾਂਦੀ ਦੀਆਂ ਅੰਗੂਠੀਆਂ ਵੀ ਭੇਟ ਕਰ ਰਹੇ ਹਨ। ਅਸੀਂ ਬਥੇਰਾ ਕਹਿੰਦੇ ਹਾਂ ਕਿ ਭਾਈ ਇਹ ਮੁੰਦਰੀਆਂ ਕਰੋਨਾ ਮਾਤਾ ਨੂੰ ਭੇਟ ਕਰੋ, ਪਰ ਸ਼ਰਧਾਲੂ ਮੱਲੋ ਮੱਲੀ ਇਹ ਸਾਡੀ ਚੀਚੀ ’ਚ ਪਾਈ ਜਾਂਦੇ ਹਨ। ਸ਼ਰਧਾਲੂਆਂ ਦੀ ਕ੍ਰਿਪਾ ਨਾਲ ਵਿਚਾਰੀ ਤਿੰਨ ਇੰਚ ਦੀ ਚੀਚੀ ਤਾਂ ਪੰਜ ਮਿੰਟ ’ਚ ਭਰ ਜਾਂਦੀ ਹੈ। ਸੋ ਹੁਣ ਅਸੀਂ ਆਪਣੀ ਵੇਲਣੇ ਵਾਲੀ ਸਰਕਾਰ, ਪੁੱਤਾਂ, ਨੂੰਹਾਂ, ਪੋਤੇ, ਪੋਤਰੀ ਨੂੰ ਵੀ ਕੋਲ ਬਿਠਾ ਲਿਆ ਹੈ ਤਾਂ ਕਿ ਸਭ ਦੀਆਂ ਭੇਟਾਵਾਂ ਪੂਜਾ-ਪਾਠ ਦੀ ਵਿਧੀ ਰਾਹੀਂ ਤੁਰੰਤ ਮਾਤਾ ਤਕ ਪਹੁੰਚਾ ਸਕੀਏ। ਇਕ ਮਹਾਂਪੁਰਸ਼ ਨੇ ਸਾਨੂੰ ਮੰਗਲਵਾਰ ਮਸਰਾਂ ਦੀ ਦਾਲ, ਘਿਓ ਤੇ ਇਕ ਔਖੇ ਜਿਹੇ ਮੰਤਰ ਦਾ ਦਸ ਹਜ਼ਾਰ ਵਾਰ ਜਾਪ ਕਰਨ ਲਈ ਵੀ ਕਿਹਾ ਹੈ। ਅਸੀਂ ਪਿਛਲੇ ਦਸ ਦਿਨਾਂ ਤੋਂ ਨਿਰਜਲ ਵਰਤ ਰੱਖ ਕੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਤੇ ਕਰੋਨਾ ਤੋਂ ਛੁਟਕਾਰਾ ਪਾਉਣ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਾਂ। ਭੱਬ ਭਲੀ ਕਰੇਗਾ।

ਵੀਰਵਾਰ ਵਾਲੇ ਦਿਨ ਕਰੋਨਾ ਮਾਤਾ ਨੂੰ ਖ਼ੁਸ਼ ਕਰਨ ਲਈ ਅਸੀਂ ਮਹਾਂਪੁਰਸ਼ਾਂ ਦੀ ਸਲਾਹ ਅਨੁਸਾਰ ਹਰ ਰੋਜ਼ 11 ਕਿਲੋ ਛੋਲਿਆਂ ਦੀ ਦਾਲ, 21 ਕਿਲੋ ਹਲਦੀ ਤੇ 31 ਕਿਲੋ ਪੀਲੇ ਫੁੱਲਾਂ ਦਾ ਦਾਨ ਕਰ ਰਹੇ ਹਾਂ। ਕੁਝ ਦਿਨਾਂ ਤੋਂ ਪੀਲੇ ਫੁੱਲਾਂ ਦੀ ਤੋਟ ਆ ਗਈ ਹੈ। ਸੋ ਅਸੀਂ ਹਰ ਰੋਜ਼ ਸੁੱਚੇ ਮੂੰਹ ਨਵਾਂ ਪੀਲਾ ਝੱਗਾ ਪਹਿਨ ਕੇ ਸ਼ਾਮ ਨੂੰ ਉਸ ਨੂੰ ਦੋ ਮੀਲ ਦੂਰ ਸਟੇਸ਼ਨ ’ਤੇ ਬੈਠੇ ਪਿਤਾਂਬਰ ਦਾਸ ਨਾਮੀਂ ਮੰਗਤੇ ਨੂੰ ਦਾਨ ਕਰ ਆਉਂਦੇ ਹਾਂ। ਸਾਡੇ ਘਰ ਦੇ ਨੇੜੇ ਵੀ ਬਥੇਰੇ ਮੰਗਤੇ ਬੈਠੇ ਹਨ, ਪਰ ਮਹਾਂਪੁਰਸ਼ ਨੇ ਕਿਹਾ: ‘‘ਜੇ ਪੀਲਾ ਝੱਗਾ ‘ਪੀਲੇ’ ਨਾਮ ਵਾਲੇ ਮੰਗਤੇ ਨੂੰ ਦਾਨ ਕਰੋਗੇ ਤਾਂ ਤੁਹਾਨੂੰ ਸੌ ਗੁਣਾ ਵਧੇਰੇ ਲਾਭ ਹੋਵੇਗਾ।’’ ਸੋ ਕਰੋਨਾ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਐਨਾ ਕੁ ਉੱਦਮ ਤਾਂ ਕਰਨਾ ਹੀ ਪੈਂਦਾ ਹੈ। ਪੀਤਾਂਬਰ ਦਾਸ ਨਾ ਮਿਲਣ ਦੀ ਸੂਰਤ ’ਚ ਅਸੀਂ ਉਸ ਨੂੰ ਸੁਪਨਿਆਂ ’ਚ ਵੀ ਲੱਭ ਕੇ ਪੀਲਾ ਝੱਗਾ ਦਾਨ ਕਰ ਕੇ ਕਰੋਨਾ ਮਾਤਾ ਨੂੰ ਪ੍ਰਸੰਨ ਕਰ ਕੇ ਉਸ ਨੂੰ ਸੰਸਾਰ ’ਚੋਂ ਰੁਖ਼ਸਤ ਕਰਨ ਦੇ ਸੁਹਿਰਦ ਯਤਨਾਂ ’ਚ ਲੱਗੇ ਰਹਿੰਦੇ ਹਾਂ।

‘‘ਕਰੋਨਾ ਮਾਤਾ ਦੀ ਜੈ! ਕਰੋਨਾ ਮਾਤਾ ਦੀ ਜੈ! ਸ਼ੁਕਰ ਹੈ

ਮਾਤਾ ਤੁਸੀਂ ਦੁਨੀਆਂ ਤੋਂ ਰੁਖ਼ਸਤ ਹੋਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਪਵਿੱਤਰ ਜਲ ਦਾ ਛਿੱਟਾ ਦੇ ਕੇ ਸਾਰੀ ਦੁਨੀਆਂ

ਨੂੰ ਸਿਹਤਯਾਬ ਕਰ ਦਿੱਤਾ ਹੈ। ਦੁੱਖ ਹਰਨੀ ਮਾਤਾ ਦੀ ਜੈ… ਕਰੋਨਾ ਮਾਤਾ ਦੀ ਜੈ…!’’

‘‘ਮੈਂ ਕਿਹਾ ਜੀ, ਕੀਹਦੀ ਜੈ ਜੈ ਕਾਰ ਕਰੀ ਜਾਂਦੇ ਓ। ਕੋਈ ਬੰਦਾ ਨੀਂ ਪਰਿੰਦਾ ਨੀਂ ਕੋਲੇ। ਰਿਟਾਇਰਮੈਂਟ ਤੋਂ ਬਾਅਦ ਤਾਂ ਤੁਸੀਂ ਜਮਾਂ ਈ ਕੁੰਭਕਰਨ ਬਣੇ ਪਏ ਓ।’’

ਵਹੁਟੀ ਦੀ ਕੜਕਵੀ ਆਵਾਜ਼ ਸੁਣ ਕੇ ਅਸੀਂ ਤ੍ਰਭਕ ਕੇ ਅੱਖਾਂ ਮਲਦੇ ਉੱਠ ਖੜੋਤੇ। ਗੋਡੇ ਗੋਡੇ ਧੁੱਪ ਚੜ੍ਹ ਆਈ ਸੀ। ਇਹ ਤਾਂ ਮਹਿਜ਼ ਇਕ ਸੁਪਨਾ ਹੀ ਸੀ। ਚਲੋ ਕਰੋਨਾ ਤੋਂ ਨਿਜਾਤ ਤਾਂ ਮਿਲੀ, ਭਾਵੇਂ ਸੁਪਨੇ ’ਚ ਹੀ ਸਹੀ। ਰੱਬ ਭਲੀ ਕਰੇਗਾ!