ਮੁੰਬਈ, 30 ਅਪਰੈਲ

ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਕਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਭਾਰਤ ਲਈ ਮਦਦ ਮੰਗੀ ਹੈ। ਅਦਾਕਾਰਾ ਨੇ ਅੱਜ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਦੇਸ਼ ਦੀ ਮੌਜੂਦਾ ਸਥਿਤੀ ’ਚੋਂ ਉੱਭਰਨ ਲਈ ਹਰ ਕਿਸੇ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਸ ਨੇ ਵੀਡੀਓ ਕਲਿੱਪ ਦਾ ਨਾਲ ਲਿਖਿਆ, ‘‘ਭਾਰਤ ਮੇਰਾ ਘਰ ਹੈ, ਜੋ ਬੁਰੀ ਤਰ੍ਹਾਂ ਕਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਾਨੂੰ ਸਾਰਿਆਂ ਨੂੰ ਮਦਦ ਦੀ ਲੋੜ ਹੈ। ਰਿਕਾਰਡ ਸੰਖਿਆ ਵਿੱਚ ਲੋਕ ਮਰ ਰਹੇ ਹਨ। ਹਰ ਜਗ੍ਹਾ ਬਿਮਾਰੀ ਹੈ ਅਤੇ ਇਹ ਵੱਡੇ ਪੈਮਾਨੇ ’ਤੇ ਫੈਲ ਰਹੀ ਹੈ।’’ ਉਸ ਨੇ ਅੱਗੇ ਕਿਹਾ, ‘‘ਮੈਂ ‘ਗਿਵਇੰਡੀਆ’ ਸੰਸਥਾ ਨਾਲ ਮਿਲ ਕੇ ਫੰਡ ਇਕੱਠਾ ਕਰ ਰਹੀ ਹਾਂ, ਜੋ ਭਾਰਤ ਵਿੱਚ ਜ਼ਮੀਨੀ ਪੱਧਰ ’ਤੇ ਕੋਵਿਡ ਰਾਹਤ ਕਾਰਜਾਂ ਵਿੱਚ ਹਿੱਸਾ ਲੈ ਰਹੀ ਹੈ।’’ ਉਸ ਨੇ ਕਿਹਾ ਕਿ ਉਸ ਨੂੰ ਇੰਸਟਾਗ੍ਰਾਮ ’ਤੇ 6 ਕਰੋੜ 30 ਲੱਖ ਲੋਕ ਫਾਲੋ ਕਰ ਰਹੇ ਹਨ ਅਤੇ ਜੇ ਇਨ੍ਹਾਂ ਵਿੱਚੋਂ ਇੱਕ ਲੱਖ ਵੀ 10 ਡਾਲਰ ਦਾਨ ਕਰਨ ਤਾਂ ਵੀ ਦਸ ਲੱਖ ਡਾਲਰ ਬਣ ਜਾਣਗੇ ਅਤੇ ਇਹ ਬਹੁਤ ਵੱਡੀ ਰਕਮ ਹੈ। ਅਦਾਕਾਰਾ ਨੇ ਕਿਹਾ, ‘‘ਤੁਹਾਡਾ ਦਾਨ ਸਿੱਧਾ ਸਿਹਤ ਪ੍ਰਬੰਧਾਂ(ਕੋਵਿਡ ਕੇਅਰ ਕੇਂਦਰਾਂ, ਆਈਸੋਲੇਸ਼ਨ ਕੇਂਦਰਾਂ ਅਤੇ ਆਕਸੀਜਨ ਜਨਰੇਸ਼ਨ ਪਲਾਂਟਸ), ਮੈਡੀਕਲ ਉਪਕਰਨਾਂ ਅਤੇ ਵੈਕਸੀਨ ’ਤੇ ਖ਼ਰਚ ਹੋਵੇਗਾ। ਨਿੱਕ ਅਤੇ ਮੈਂ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਹਾਂ ਅਤੇ ਅੱਗੇ ਵੀ ਜਾਰੀ ਰੱਖਾਂਗੇ। ਸਾਨੂੰ ਸਭ ਨੂੰ ਇੱਕ-ਦੂਜੇ ਦੀ ਮਦਦ ਦੀ ਲੋੜ ਹੈ।’’