ਮੁੰਬਈ:ਕਰੋਨਾ ਮਹਾਮਾਰੀ ਦੀਆਂ ਨਵੀਆਂ ਪਾਬੰਦੀਆਂ ਕਾਰਨ ਫਿਲਮ ‘ਮੇਜਰ’ ਹਾਲੇ ਰਿਲੀਜ਼ ਨਹੀਂ ਹੋਵੇਗੀ। ਫਿਲਮ ਦੇ ਨਿਰਮਾਤਾਵਾਂ ਨੇ ਅੱਜ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਕਾਰਨ ਮੌਜੂਦਾ ਸਥਿਤੀ ਤੇ ਸਾਰਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਫਿਲਮ ‘ਮੇਜਰ’ ਦੀ ਰਿਲੀਜ਼ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਅਜਿਹੇ ਵਿਅਕਤੀ ਨੂੰ ਦਿਲੋਂ ਸ਼ਰਧਾਂਜਲੀ ਹੈ ਜਿਸ ਨੇ ਦੇਸ਼ ਲਈ ਆਪਾ ਵਾਰ ਦਿੱਤਾ। ਦੇਸ਼ ਦੀ ਸੁਰੱਖਿਆ ਅਤੇ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਹੁਣ ਇਹ ਫਿਲਮ ਮਾਹੌਲ ਠੀਕ ਹੋਣ ’ਤੇ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਰਿਲੀਜ਼ ਨੂੰ ਮੁਲਤਵੀ ਕਰਨ ਦਾ ਐਲਾਨ ਕਰਦਿਆਂ ਇਹ ਫਿਲਮ ਸੰਦੀਪ ਊਨੀਕ੍ਰਿਸ਼ਨਨ ਨੂੰ ਸਮਰਪਿਤ ਕੀਤੀ। ਫਿਲਮ ਦੀ ਝਲਕ ਪੇਸ਼ ਕਰਦਿਆਂ ਨਿਰਮਾਤਾਵਾਂ ਨੇ ਸੰਦੀਪ ਊਨੀਕ੍ਰਿਸ਼ਨਨ ਦੇ ਬਚਪਨ ਤੋਂ ਲੈ ਕੇ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਛੂਹਣ ਵਾਲਾ ਟੀਜ਼ਰ ਰਿਲੀਜ਼ ਕੀਤਾ, ਜਿਸ ਵਿਚ ਉਸ ਦੇ ਅੱਲ੍ਹੜ ਉਮਰੇ ਪਿਆਰ, ਉਸ ਤੋਂ ਬਾਅਦ ਫੌਜ ਦੀ ਸ਼ਾਨਦਾਰ ਨੌਕਰੀ ਤੇ 26/11 ਵਿੱਚ ਦਿੱਤੀ ਕੁਰਬਾਨੀ ਨੂੰ ਦਿਖਾਇਆ ਗਿਆ। ਫਿਲਮ ਵਿੱਚ ਅਦੀਵੀ ਸੇਸ਼, ਸ਼ੋਭਿਤਾ ਧੂਲੀਪਾਲਾ ਸਾਈ ਮਾਂਜਰੇਕਰ, ਪ੍ਰਕਾਸ਼ ਰਾਜ, ਰੇਵਤੀ ਅਤੇ ਮੁਰਲੀ ​​ਸ਼ਰਮਾ ਕੰਮ ਕਰ ਰਹੇ ਹਨ। ਇਹ ਫਿਲਮ ਹਿੰਦੀ, ਤੇਲਗੂ ਅਤੇ ਮਲਿਆਲਮ ਵਿਚ ਰਿਲੀਜ਼ ਹੋਵੇਗੀ।