ਨਵੀਂ ਦਿੱਲੀ, 24 ਦਸੰਬਰ
ਭਾਰਤ ਸਰਕਾਰ ਨੇ ਕਿਹਾ ਹੈ ਕਿ ਦੁਨੀਆਂ ਕੋਵਿਡ-19 ਦੀ ਚੌਥੀ ਲਹਿਰ ਵੱਲ ਵਧ ਰਹੀ ਹੈ। ਸਰਕਾਰ ਨੇ ਦੇਸ਼ ਵਾਸੀਆਂ ਨੂੰ ਚੌਕਸ ਕੀਤਾ ਹੈ ਕਿ ਕ੍ਰਿਸਮਸ ਤੇ ਨਵੇਂ ਸਾਲ ਮੌਕੇ ਕਰੋਨਾ ਖ਼ਿਲਾਫ਼ ਢਿੱਲ ਨਾ ਵਰਤੀ ਜਾਵੇ। ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਭਾਰਤ ਵਿੱਚ ਹਾਲੇ ਤਕ ਓਮੀਕਰੋਨ ਦੇ 358 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 183 ਕੇਸਾਂ ਦਾ ਵਿਸ਼ਲੇਸ਼ਨ ਕੀਤਾ ਜਾ ਚੁੱਕਾ ਹੈ ਤੇ 121 ਮਰੀਜ਼ ਅਜਿਹੇ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ਵਿਦੇਸ਼ਾਂ ਦਾ ਦੌਰਾ ਕੀਤਾ ਹੈ। ਇਨ੍ਹਾਂ ਵਿੱਚੋਂ 91 ਫੀਸਦ ਲੋਕਾਂ ਨੇ ਪੂਰਾ ਵੈਕਸੀਨੇਸ਼ਨ ਕਰਵਾਇਆ ਹੋਇਆ ਹੈ ਤੇ ਤਿੰਨ ਜਣਿਆਂ ਨੇ ਬੂਸਟਰ ਡੋਜ਼ ਵੀ ਲਗਵਾਏ ਹਨ। ਇਨ੍ਹਾਂ ਵਿੱਚੋਂ 70 ਫੀਸਦ ਮਰੀਜ਼ ਅਜਿਹੇ ਹਨ ਜਿਨ੍ਹਾਂ ਵਿੱਚ ਬੁਖਾਰ ਦੇ ਲੱਛਣ ਨਹੀਂ ਹਨ ਤੇ ਇਨ੍ਹਾਂ ਵਿੱਚੋਂ 61 ਫੀਸਦ ਮਰੀਜ਼ ਪੁਰਸ਼ ਹਨ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਵਜ੍ਹਾ ਯਾਤਰਾ ਨਾ ਕੀਤੀ ਜਾਵੇ, ਭੀੜ ਇਕੱਠੀ ਨਾ ਕੀਤੀ ਜਾਵੇ ਤੇ ਕੋਵਿਡ ਨਿਯਮਾਂ (ਮਾਸਕ ਪਹਿਨਣਾ, ਸਮਾਜਿਕ ਦੂਰੀ ਕਾਇਮ ਰੱਖਣਾ ਆਦਿ) ਦੀ ਪਾਲਣਾ ਕੀਤੀ ਜਾਵੇ।