ਮੁੰਬਈ:ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅੱਜ ਆਖਿਆ ਕਿ ਕਰੋਨਾ ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਹਰ ਇਕ ਵਿਅਕਤੀ ਦਾ ਹੰਭਲਾ ਮਾਇਨੇ ਰੱਖਦਾ ਹੈ। ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਥਿਤ ਦੇਖਭਾਲ ਕੇਂਦਰ ਬਾਰੇ ਉਨ੍ਹਾਂ ਆਖਿਆ ਕਿ ਕੇਂਦਰ ’ਚ ਫਿਲਹਾਲ 300 ਬਿਸਤਰੇ ਹਨ ਜਿਨ੍ਹਾਂ ਨੂੰ ਵਧਾ ਕੇ 400 ਕੀਤਾ ਜਾਵੇਗਾ। ਗੁਰੂ ਘਰ ਵਿਚ ਦੇਖਭਾਲ ਕੇਂਦਰ ਬਣਾਉਣ ਲਈ ਉਨ੍ਹਾਂ ਦੋ ਕਰੋੜ ਰੁਪਏ ਦਾਨ ਦਿੱਤੇ ਹਨ। ਅਦਾਕਾਰ ਨੇ ਆਪਣੇ ਬਲਾਗ ’ਤੇ ਆਖਿਆ,‘‘ਇਹ ਕੇਂਦਰ ਮੁਫ਼ਤ ਵਿਚ ਸਹੂਲਤਾਂ ਦੇ ਰਿਹਾ ਹੈ, ਜਿਸ ਵਿਚ ਬਿਸਤਰਾ, ਭੋਜਨ, ਦਵਾ ਅਤੇ ਡਾਕਟਰੀ ਦੇਖਭਾਲ ਸ਼ਾਮਲ ਹਨ।’’ ਅਮਿਤਾਭ ਨੇ ਆਖਿਆ ਕਿ ਉਸ ਨੇ ਮੁੰਬਈ ਦੇ ਜੁਹੂ ਸਥਿਤ ਇਕ ਕੋਵਿਡ ਕੇਂਦਰ ਨੂੰ ਇਕ ਕਰੋੜ ਰੁਪਏ ਦਾਨ ਦਿੱਤੇ ਹਨ ਜੋ ਇਕ-ਦੋ ਦਿਨਾਂ ਵਿਚ ਚਾਲੂ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਜਿਥੇ ਲੋੜ ਹੋਵੇਗੀ, ਉਥੇ ਮਦਦ ਅਤੇ ਸਹਾਇਤਾ ਕਰਦ ਰਹਿਣਗੇ। ਅਦਾਕਾਰ ਨੇ ਆਖਿਆ,‘‘ਇਹ ਅਜਿਹੀ ਲੜਾਈ ਹੈ ਜਿਹੜੀ ਅਸੀਂ ਸਾਰਿਆਂ ਨੇ ਪਲ-ਪਲ ਲੜਨੀ ਹੈ। ਇਹ ਲੜਾਈ ਸਾਨੂੰ ਜਿੱਤਣ ਦੀ ਲੋੜ ਹੈ ਅਤੇ ਜੇਕਰ ਪ੍ਰਮਾਤਮਾ ਨੇ ਚਾਹਿਆ ਤਾਂ ਆਪਾਂ ਜ਼ਰੂਰ ਜਿੱਤਾਂਗੇ। ਇਸ ਲਈ ਹਰ ਇਕ ਦਾ ਹੰਭਲਾ ਮਾਇਨੇ ਰੱਖਦਾ ਹੈ। ਜਿਵੇਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ।’’ ਅਦਾਕਾਰ ਨੇ ਲੋਕਾਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ।