ਟੋਕੀਓ:ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਦੇਸ਼ ਵਿਚ ਕਰੋਨਾ ਦੇ ਕੇਸ ਵਧਣ ਦੇ ਬਾਵਜੂਦ ਓਲੰਪਿਕ ਖੇਡਾਂ ਨਿਰਧਾਰਿਤ ਸਮੇਂ ’ਤੇ ਕਰਵਾਈਆਂ ਜਾਣਗੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਾਪਾਨ ਦ੍ਰਿੜ ਇਰਾਦੇ ਨਾਲ ਟੋਕੀਓ ਓਲੰਪਿਕ ਤੇ ਪੈਰਾਓਲੰਪਿਕ ਖੇਡਾਂ ਕਰਵਾਏਗਾ। ਉਨ੍ਹਾਂ ਕਿਹਾ ਕਿ ਦੇਸ਼ ਵਲੋਂ ਕਰੋਨਾ ਦੀ ਰੋਕਥਾਮ ਦੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ ਤੇ ਸਰਕਾਰ ਟੋਕੀਓ ਮੈਟਰੋਪਾਲਿਟਨ ਤੇ ਆਸ ਪਾਸ ਦੇ ਖੇਤਰ ਵਿਚ ਕੁਝ ਰੋਕਾਂ ਵੀ ਲਾ ਸਕਦੀ ਹੈ ਕਿਉਂਕਿ ਇਸ ਖੇਤਰ ਵਿਚ ਪਿਛਲੇ ਕੁਝ ਹਫਤਿਆਂ ਤੋਂ ਕਰੋਨਾ ਕੇਸ ਵਧ ਰਹੇ ਹਨ। ਦੱਸਣਾ ਬਣਦਾ ਹੈ ਕਿ ਟੋਕੀਓ ਓਲੰਪਿਕ ਪਹਿਲਾਂ ਪਿਛਲੇ ਸਾਲ ਜੁਲਾਈ ਵਿਚ ਹੋਣੀਆਂ ਸਨ ਜੋ ਇਕ ਸਾਲ ਅੱਗੇ ਪਾ ਦਿੱਤੀਆਂ ਗਈਆਂ ਹਨ।