ਸਿਡਨੀ, 23 ਮਾਰਚ
ਕੋਵਿਡ-19 ਦੇ ਪ੍ਰਭਾਵ ਅਤੇ ਰੂਸ-ਯੂਕਰੇਨ ਦੀ ਲੜਾਈ ਕਾਰਨ ਆਸਟਰੇਲੀਆ ਵਿੱਚ ਮਹਿੰਗਾਈ ਨੇ ਜ਼ੋਰ ਫੜ ਲਿਆ ਹੈ। ਇੱਥੇ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ ਦੁੱਗਣੀ ਹੋ ਗਈ ਹੈ ਜਿਸ ਕਾਰਨ ਆਮ ਜ਼ਰੂਰੀ ਖ਼ੁਰਾਕੀ ਵਸਤਾਂ ਵੀ ਮਹਿੰਗੀਆਂ ਹੋ ਗਈਆਂ ਹਨ। ਸਰਕਾਰ ਕੀਮਤਾਂ ਸਥਿਰ ਰੱਖਣ ’ਚ ਨਾਕਾਮ ਹੋ ਰਹੀ ਹੈ। ‘ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਤੇ ਆਸਟਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਿਸਿਜ’ ਦੀ ਰਿਪੋਰਟ ਅਨੁਸਾਰ ਪਿਛਲੇ ਦੋ ਸਾਲਾਂ ਵਿੱਚ ਤਨਖ਼ਾਹਾਂ ਵਿੱਚ ਵਾਧਾ 6 ਫ਼ੀਸਦੀ ਜਦਕਿ ਮਕਾਨਾਂ ਦੇ ਕਿਰਾਇਆਂ ’ਚ 18 ਫ਼ੀਸਦੀ ਵਾਧਾ ਹੋਇਆ ਹੈ। ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਹਰ ਪੰਜਵਾਂ ਆਸਟਰੇਲੀਅਨ ਮਰੀਜ਼ ਡਾਕਟਰ ਵੱਲੋਂ ਲਿਖੀ ਦਵਾਈ ਖ਼ਰੀਦਣ ਤੋਂ ਅਸਮਰੱਥ ਹੈ। ਭਾਰਤ ਤੋਂ ਆਉਣ ਵਾਲੀਆਂ ਦਾਲਾਂ, ਚਾਵਲ ਤੇ ਆਟੇ ਦੀਆਂ ਕੀਮਤਾਂ ਵੀ 30 ਤੋਂ 40 ਫ਼ੀਸਦੀ ਵਧੀਆਂ ਹਨ।