ਮਾਸਕੋ, 17 ਜਨਵਰੀ
ਵਿਸ਼ਵ ਸਿਹਤ ਸੰਸਥਾ ਵਿੱਚ ਰੂਸ ਦੀ ਪ੍ਰਤੀਨਿਧੀ ਮੇਲਿਤਾ ਵੁਜਨੋਵਿਕ ਨੇ ਕਿਹਾ ਕਿ ਜਿਸ ਢੰਗ ਨਾਲ ਕਰੋਨਾਵਾਇਰਸ ਮਹਾਮਾਰੀ ਫੈਲ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਇਹ ਵਾਇਰਲ ਕਦੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਵੇਗਾ। ਸੋਲੋਵਾਈਵ ਲਾਈਵ ਯੂ-ਟਿਊਬ ਚੈਨਲ ’ਤੇ ਗੱਲਬਾਤ ਕਰਦਿਆਂ ਵੁਜਨੋਵਿਕ ਨੇ ਕਿਹਾ ਕਿ ਇਹ ਵਾਇਰਸ ਆਮ ਰੋਗ ਵਾਂਗ ਫੈਲ ਜਾਵੇਗਾ। ਉਨ੍ਹਾਂ ਕਿਹਾ,‘ਕਰੋਨਾਵਾਇਰਸ ਇੱਕ ਆਮ ਬਿਮਾਰੀ ਬਣਨ ਦੇ ਰਾਹ ਵੱਲ ਜਾ ਰਿਹਾ ਹੈ। ਇਸਦਾ ਅਰਥ ਇਹ ਹੈ ਕਿ ਇਹ ਖ਼ਤਮ ਨਹੀਂ ਹੋਵੇਗਾ ਪਰ ਸਾਨੂੰ ਇਹ ਗੱਲ ਸਿੱਖਣੀ ਪਵੇਗੀ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ ਤੇ ਇਸ ਤੋਂ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ। ਸਭ ਤੋਂ ਅਹਿਮ ਗੱਲ, ਸਾਨੂੰ ਹੁਣ ਇਸ ਲਾਗ ’ਤੇ ਕਾਬੂ ਪਾਉਣਾ ਪਵੇਗਾ ਤੇ ਇਸ ਦੀ ਲਾਗ ਦੀ ਮਾਰ ਹੇਠ ਆ ਸਕਣ ਵਾਲੇ ਲੋਕਾਂ ਦੀ ਗਿਣਤੀ ਕਿਸੇ ਤਰ੍ਹਾਂ ਘਟਾਉਣੀ ਪਵੇਗੀ। ਅਜਿਹਾ ਨਾ ਹੋਣ ’ਤੇ, ਇਸ ਵਾਇਰਸ ਦੇ ਨਵੇਂ-ਨਵੇਂ ਰੂਪ ਉਭਰਦੇ ਰਹਿਣਗੇ।’ ਉਨ੍ਹਾਂ ਕਿਹਾ ਕਿ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਓਮੀਕਰੋਨ ਰੂਪ ਹੋਰ ਰੂਪਾਂ ਦੇ ਮੁਕਾਬਲੇ ਘੱਟ ਖ਼ਤਰਨਾਕ ਹੈ। ਹਾਲਾਂਕਿ, ਇਸਦੇ ਖ਼ਤਰਿਆਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਤੇ ਮਨੁੱਖ ਜਾਤੀ ਲਈ ਇੰਨੀ ਜਲਦੀ ਸਹਿਜ ਹੋ ਕੇ ਬੈਠ ਜਾਣਾ ਵੀ ਸਹੀ ਨਹੀਂ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੀ ਲਾਗ ਦੇ ਕਈ ਗੰਭੀਰ ਸਿੱਟੇ ਨਿਕਲ ਸਕਦੇ ਹਨ। ਟੀਕਾਕਰਨ ਤੋਂ ਇਲਾਵਾ, ਇਸ ਸਮੇਂ ਦੂਜੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਮਾਸਕ ਪਾਉਣਾ ਤੇ ਇਸ ਨੂੰ ਸਿਫਾਰਸ਼ਸ਼ੁਦਾ ਅੰਤਰਾਲ ’ਤੇ ਬਦਲਣਾ, ਕਮਰਿਆਂ ’ਚੋਂ ਹਵਾ ਦੀ ਨਿਕਾਸੀ ਕਰਨਾ ਤੇ ਘੱਟ ਜਗ੍ਹਾ ’ਚ ਵੱਡੀ ਗਿਣਤੀ ਲੋਕਾਂ ਦਾ ਸਮੂਹ ਇਕੱਠੇ ਹੋਣ ਤੋਂ ਰੋਕਣਾ।