ਨਵੀਂ ਦਿੱਲੀ:ਕਰੋਨਾ ਕਾਰਨ ਭਾਰਤ ਤੋਂ ਟੋਕੀਓ ਜਾਣ ਵਾਲਿਆਂ ’ਤੇ ਲਾਈਆਂ ਗਈਆਂ ਰੋਕਾਂ ਦੇ ਮੱਦੇਨਜ਼ਰ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀਕੌਮ ਨੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਮੁੱਕੇਬਾਜ਼ੀ ਟੀਮ ਨਾਲ ਇਟਲੀ ਵਿੱਚ ਹੀ ਅਭਿਆਸ ਕਰਨ ਦਾ ਫ਼ੈਸਲਾ ਲਿਆ ਹੈ। ਉਹ ਇੱਕ ਜਾਂ ਦੋ ਦਿਨਾਂ ’ਚ ਅਸੀਸੀ ਲਈ ਰਵਾਨਾ ਹੋ ਜਾਵੇਗੀ, ਜਿੱਥੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਅੱਠ ਹੋਰ ਮੁੱਕੇਬਾਜ਼ ਅਭਿਆਸ ਕਰ ਰਹੇ ਹਨ। ਇਸ ਬਾਰੇ ਮੈਰੀਕੌਮ ਨੇ ਕਿਹਾ, ‘‘ਮੈਂ ਆਪਣਾ ਪ੍ਰੋਗਰਾਮ ਬਦਲ ਲਿਆ ਹੈ। ਮੈਂ ਦਿੱਲੀ ਵਾਪਸ ਜਾ ਕੇ ਇੱਕ-ਦੋ ਦਿਨਾਂ ਵਿੱਚ ਇਟਲੀ ਲਈ ਰਵਾਨਾ ਹੋ ਜਾਵਾਂਗੀ। ਭਾਰਤ ਤੋਂ ਯਾਤਰਾ ਕਰਨ ਵਾਲਿਆਂ ਨੂੰ ਇਕਾਂਤਵਾਸ ਰਹਿਣਾ ਪਵੇਗਾ। ਮੈਂ ਇਸ ਤੋਂ ਬਚਣਾ ਚਾਹੁੰਦੀ ਹਾਂ।’’