ਟੱਲੇਵਾਲ, 9 ਸਤੰਬਰ

ਕਰੋਨਾਵਾਇਰਸ ਕਾਰਨ ਹਰ ਤਰ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ। ਇਸ ਦਾ ਅਸਰ ਹੁਣ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਜਾਇਆਂ ’ਤੇ ਵੀ ਪਿਆ ਹੈ। ਪਿਛਲੇ ਕਰੀਬ ਸਾਢੇ ਪੰਜ ਮਹੀਨਿਆਂ ਤੋਂ ਕਰੋਨਾ ਦੀ ਤਾਲਾਬੰਦੀ ਅਤੇ ਕਰਫ਼ਿਊ ਕਾਰਨ ਕਬੱਡੀ ਦੇ ਟੂਰਨਾਮੈਂਟ ਬਿਲਕੁਲ ਬੰਦ ਹਨ। ਇਸ ਕਰਕੇ ਕਬੱਡੀ ਖਿਡਾਰੀਆਂ ਨੂੰ ਆਰਥਿਕ ਤੌਰ ’ਤੇ ਸੰਕਟ ਨਾਲ ਜੂਝਣਾ ਪੈ ਰਿਹਾ ਹੈ।

ਪਿੰਡ ਚੀਮਾ ਦੇ ਖੇਡ ਗਰਾਊਂਡ ’ਚ ਖਿਡਾਰੀਆਂ ਨੂੰ ਕਸਰਤ ਕਰਵਾ ਕੇ ਖੇਡ ਪ੍ਰਮੋਟਰ ਦਲਜੀਤ ਸਿੰਘ ਨੇ ਦੱਸਿਆ ਕਿ ਕਬੱਡੀ ਓਪਨ ਤੋਂ ਲੈ ਕੇ ਭਾਰ ਵਰਗਾਂ ਦੇ ਸਾਰੇ ਖਿਡਾਰੀ ਨੂੰ ਕਰੋਨਾ ਕਾਰਨ ਸਮੱਸਿਆ ਆਈ ਹੈ। ਖਿਡਾਰੀ ਕਰੀਬ ਪਿਛਲੇ ਤਿੰਨ ਮਹੀਨਿਆਂ ਤੋਂ ਮੁੜ ਖੇਡ ਮੈਦਾਨ ਵੱਲ ਪਰਤੇ ਹਨ ਪਰ ਕਬੱਡੀ ਟੂਰਨਾਮੈਂਟ ਨਾ ਹੋਣ ਕਾਰਨ ਆਰਥਿਕ ਮਾਰ ਪਈ ਹੈ। ਗਰਮੀਆਂ ਦੇ ਦਿਨਾਂ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਕਬੱਡੀ ਖੇਡਣ ਚਲੇ ਜਾਂਦੇ ਸਨ, ਪਰ ਅੰਤਰਰਾਸ਼ਟਰੀ ਫ਼ਲਾਈਟਾਂ ਬੰਦ ਹੋਣ ਕਾਰਨ ਕਬੱਡੀ ਖਿਡਾਰੀਆਂ ਦਾ ਸਾਰਾ ਤਾਣਾ ਬਾਣਾ ਉਲਝ ਕੇ ਰਹਿ ਗਿਆ ਹੈ।

ਬਰਨਾਲਾ ਜ਼ਿਲ੍ਹੇ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਧਨੌਲਾ, ਰਾਜਾ ਰਾਏਸਰ, ਪੰਮਾ ਠੀਕਰੀਵਾਲ ਅਤੇ ਭਲਵਾਨ ਮੌੜ ਨੇ ਕਿਹਾ ਕਿ ਮਾਲਵਾ ਦੀ ਧਰਤੀ ’ਤੇ ਆਖਰੀ ਕਬੱਡੀ ਮੈਚ 16 ਮਾਰਚ ਨੂੰ ਹੋਇਆ ਸੀ। ਇਸ ਉਪਰੰਤ ਕਰੋਨਾ ਲੌਕਡਾਊਨ ਕਰਕੇ ਕੋਈ ਵੀ ਕਬੱਡੀ ਟੂਰਨਾਮੈਂਟ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਧਰਤੀ ’ਤੇ ਸਾਰਾ ਸਾਲ ਭਾਵੇਂ ਗਰਮੀ ਹੋਵੇ ਜਾਂ ਸਰਦੀ ਕਬੱਡੀ ਦੇ ਟੂਰਨਾਮੈਂਟ ਚੱਲਦੇ ਰਹਿੰਦੇ ਹਨ ਪਰ ਹੁਣ ਪਿਛਲੇ ਪੰਜ ਮਹੀਨਿਆਂ ਤੋਂ ਇਹ ਟੂਰਨਾਮੈਂਟ ਬੰਦ ਹੋਣ ਕਾਰਨ ਪੰਜਾਬ ਭਰ ਦੇ ਸੈਂਕੜੇ ਕਬੱਡੀ ਖਿਡਾਰੀਆਂ ਦੀ ਜ਼ਿੰਦਗੀ ਔਖੀ ਹੋ ਗਈ ਹੈ। ਕਿਉਂਕਿ ਅਨੇਕਾਂ ਕਬੱਡੀ ਖਿਡਾਰੀਆਂ, ਰੈਫ਼ਰੀਆਂ ਅਤੇ ਕੋਚ ਸਾਹਿਬਾਨਾਂ ਦੇ ਘਰ ਕਬੱਡੀ ਦੇ ਆਸਰੇ ਹੀ ਚੱਲ ਰਹੇ ਹਨ। ਇਸ ਕਰਕੇ ਇਨ੍ਹਾਂ ਸਾਰਿਆਂ ਨੂੰ ਆਰਥਿਕ ਪੱਖ ਤੋਂ ਵੱਡੀ ਮਾਰ ਪੈ ਰਹੀ ਹੈ।

ਉਨ੍ਹਾਂ ਕਿਹਾ ਕਿ 22 ਮਾਰਚ ਤੋਂ ਲੌਕਡਾਊਨ ਦੇ ਦੋ ਮਹੀਨੇ ਤਾਂ ਉਹ ਖੇਡ ਮੈਦਾਨ ਵਿੱਚ ਵੀ ਨਹੀਂ ਆ ਸਕੇ ਪਰ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਲਗਾਤਾਰ ਕਸਰਤ ਜਾਰੀ ਹੈ। ਸਰੀਰ ਨੂੰ ਚੰਗੀ ਖ਼ੁਰਾਕ ਦੇਣ ਲਈ ਪੈਸੇ ਆਦਿ ਦੀ ਜ਼ਰੂਰਤ ਹੁੰਦੀ ਹੈ, ਜੋ ਕਬੱਡੀ ਟੂਰਨਾਮੈਂਟਾਂ ਤੋਂ ਹੀ ਪੂਰੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਮਾਝਾ ਤੇ ਦੁਆਬਾ ਖੇਤਰ ਦੇ ਕੁਝ ਹਿੱਸਿਆ ’ਚ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਦਿਆਂ ਹੋਏ ਕਬੱਡੀ ਟੂਰਨਾਮੈਂਟ ਸ਼ੁਰੂ ਹੋ ਚੁੱਕੇ ਹਨ ਪਰ ਮਾਲਵਾ ਖੇਤਰ ’ਚ ਅਜੇ ਇਸ ’ਤੇ ਪਾਬੰਦੀ ਹੈ। ਇਸ ਕਰਕੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਮ ਸਾਰੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਵਲੋਂ ਮੰਗ ਪੱਤਰ ਦਿੱਤਾ ਗਿਆ ਹੈ। ਜਿਸ ਵਿੱਚ ਕਬੱਡੀ ਟੂਰਨਾਮੈਂਟ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਜਿਸ ਨਾਲ ਕਬੱਡੀ ਖੇਡ ਨਾਲ ਜੁੜੇ ਖਿਡਾਰੀਆਂ ਅਤੇ ਹੋਰ ਲੋਕਾਂ ਨੂੰ ਰਾਹਤ ਮਿਲ ਸਕੇ।