ਓਟਵਾ, 8 ਅਕਤੂਬਰ  : ਐਨਡੀਪੀ ਵੱਲੋਂ ਬੁੱਧਵਾਰ ਨੂੰ ਇੱਕ ਮਤਾ ਪੇਸ਼ ਗਿਆ ਜਿਸ ਤਹਿਤ ਅਜਿਹੀ ਸਪੈਸ਼ਲ ਪਾਰਲੀਆਮੈਂਟਰੀ ਕਮੇਟੀ ਕਾਇਮ ਕਰਨ ਦੀ ਲੋੜ ਉੱਤੇ ਜੋਰ ਦਿੱਤਾ ਗਿਆ ਹੈ ਜਿਹੜੀ ਫੈਡਰਲ ਸਰਕਾਰ ਵੱਲੋਂ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਕੀਤੇ ਗਏ ਸਾਰੇ ਖਰਚੇ ਦਾ ਮੁਲਾਂਕਣ ਕਰ ਸਕੇ|
ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਪਬਲਿਕ ਫੰਡਜ਼ ਦੀ ਕੀਤੀ ਗਈ ਦੁਰਵਰਤੋਂ ਸਬੰਧੀ ਲੱਗੇ ਦੋਸ਼ਾਂ ਦੇ ਸਬੰਧ ਵਿੱਚ ਇਹ ਮਤਾ ਲਿਆਂਦਾ ਗਿਆ| ਜੇ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਸਬੰਧ ਵਿੱਚ ਕਾਇਮ ਕਮੇਟੀ ਮਹਾਂਮਾਰੀ ਦੌਰਾਨ ਲਿਬਰਲ ਸਰਕਾਰ ਵੱਲੋਂ ਕੀਤੇ ਸਾਰੇ ਖਰਚੇ ਦੇ ਹਰੇਕ ਪੱਖ ਦਾ ਮੁਲਾਂਕਣ ਤੇ ਇਸ ਦੀ ਜਾਂਚ ਲਈ ਸੁਣਵਾਈ ਕਰ ਸਕੇਗੀ|
ਮਤੇ ਵਿੱਚ ਜਿਨ੍ਹਾਂ ਪ੍ਰੋਗਰਾਮਜ਼ ਦਾ ਉਚੇਚੇ ਤੌਰ ਉੱਤੇ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ ਵਿੱਚ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ, ਦ ਕੈਨੇਡਾ ਐਮਰਜੰਸੀ ਵੇਜ ਸਬਸਿਡੀ ਤੇ ਪ੍ਰੋਕਿਓਰਮੈਂਟ ਆਫ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਸ਼ਾਮਲ ਹਨ| ਮਤੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇ ਕਮੇਟੀ ਬਣਦੀ ਹੈ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ, ਸਿਹਤ ਮੰਤਰੀ ਪੈਟੀ ਹਾਜ਼ਦੂ ਤੇ ਹੋਰਨਾਂ ਮੰਤਰੀਆਂ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਨੂੰ ਵੀ ਸਮੇਂ ਸਮੇਂ ਉੱਤੇ ਕਮੇਟੀ ਸਾਹਮਣੇ ਪੇਸ਼ ਹੋਣਾ ਪੈ ਸਕਦਾ ਹੈ|
ਪਾਰਲੀਆਮੈਂਟੇਰੀਅਨਜ਼ ਵੱਲੋਂ ਪਾਰਲੀਆਮੈਂਟਰੀ ਬਜਟ ਆਫੀਸਰ ਯਵੇਸ ਗਿਰੌਕਸ ਦੇ ਆਫਿਸ ਤੋਂ ਵੱਖ ਵੱਖ ਖਰਚਿਆਂ ਸਬੰਧੀ ਮਾਪਦੰਡਾਂ ਦੇ ਵੇਰਵਿਆਂ ਦੀ ਮੰਗ ਕੀਤੀ ਜਾ ਰਹੀ ਹੈ| ਜ਼ਿਕਰਯੋਗ ਹੈ ਕਿ 400 ਬਿਲੀਅਨ ਡਾਲਰ ਦੇ ਐਮਰਜੰਸੀ ਲੋਨਜ਼, ਗਾਰੰਟੀਜ਼ ਆਦਿ ਸਬੰਧੀ ਪੂਰਾ ਵੇਰਵਾ ਹੀ ਨਹੀਂ ਮਿਲ ਰਿਹਾ| ਇਨ੍ਹਾਂ ਬਾਰੇ ਐਨੀ ਘੱਟ ਜਾਣਕਾਰੀ ਹੈ ਕਿ ਇਸ ਦਾ ਅੰਦਾਜ਼ਾ ਲਾਇਆ ਜਾਣਾ ਬਹੁਤ ਔਖਾ ਹੈ ਕਿ ਇਨ੍ਹਾਂ ਉੱਤੇ ਅਸਲ ਵਿੱਚ ਕਿੰਨਾ ਖਰਚਾ ਕੀਤਾ ਗਿਆ ਹੋਵੇਗਾ|