ਨੂਰ-ਸੁਲਤਾਨ (ਕਜ਼ਖ਼ਸਤਾਨ), 24 ਸਤੰਬਰ
ਮਾਹਿਰ ਪਹਿਲਵਾਨ ਸੁਸ਼ੀਲ ਕੁਮਾਰ ਨੇ ਕਿਹਾ ਕਿ ਮੈਟ ’ਤੇ ਲੋੜੀਂਦਾ ਅਭਿਆਸ ਕੀਤੇ ਬਗ਼ੈਰ ਵੱਡੇ ਟੂਰਨਾਮੈਂਟ ਵਿੱਚ ਉਤਰਨਾ ਗ਼ਲਤੀ ਸੀ ਅਤੇ ਆਪਣੇ ਕਰੀਅਰ ਨੂੰ ਮੁੜ ਲੀਹ ’ਤੇ ਲਿਆਉਣ ਲਈ ਉਹ ਹੁਣ ਲਗਾਤਾਰ ਮੁਕਾਬਲਿਆਂ ਵਿੱਚ ਹਿੱਸਾ ਲਵੇਗਾ। ਲੰਡਨ ਓਲੰਪਿਕ-2012 ਅਤੇ ਇੱਥੇ ਵਿਸ਼ਵ ਚੈਂਪੀਅਨਸ਼ਿਪ-2019 ਵਿਚਾਲੇ ਸੱਤ ਸਾਲ ਦੇ ਸਮੇਂ ਦੌਰਾਨ ਸੁਸ਼ੀਲ ਨੇ ਸਿਰਫ਼ ਸੱਤ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਹੈ।
ਸੁਸ਼ੀਲ ਨੇ ਰਾਸ਼ਟਰਮੰਡਲ ਖੇਡਾਂ (2014 ਅਤੇ 2018) ਵਿੱਚ ਦੋ ਸੋਨ ਤਗ਼ਮੇ ਜਿੱਤੇ ਹਨ, ਪਰ ਉਹ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਅਜਿਹਾ ਨਹੀਂ ਕਰ ਸਕਿਆ। ਇਸ ਲਈ 36 ਸਾਲਾ ਸੁਸ਼ੀਲ ’ਤੇ ਸਵਾਲ ਉੱਠਣ ਲੱਗੇ ਕਿ ਉਹ ਇਸ ਉਮਰ ਵਿੱਚ ਚੁਣੌਤੀ ਦੇਣ ਦੇ ਸਮਰੱਥ ਹੈ ਜਾਂ ਨਹੀਂ।
ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਸੁਸ਼ੀਲ ਨੇ ਹਾਲ ਹੀ ਵਿੱਚ ਰੂਸ ਦੇ ਕੋਚ ਕਮਲ ਮਾਲੀਕੋਵ ਦੇ ਮਾਰਗਦਰਸ਼ਨ ਹੇਠ ਸਿਖਲਾਈ ਸ਼ੁਰੂ ਕੀਤੀ ਹੈ। ਸੁਸ਼ੀਲ ਨੇ ਜਕਾਰਤਾ ਖੇਡਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ, ਪਰ ਇਸ ਦੇ ਬਾਵਜੂਦ 74 ਕਿਲੋ ਵਰਗ ਦੇ ਪਹਿਲੇ ਗੇੜ ’ਚੋਂ ਹਾਰ ਕੇ ਬਾਹਰ ਹੋ ਗਿਆ। ਉਸ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਮੈਂ ਇਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੁਨੀਆਂ ਨੂੰ ਸਿਰਫ਼ ਇਹ ਦੱਸਣ ਆਇਆ ਸੀ ਕਿ ਮੈਂ ਵਾਪਸ ਆ ਰਿਹਾ ਹਾਂ। ਜਿੱਥੋਂ ਤੱਕ ਇੱਥੇ ਮੌਜੂਦ ਵਿਦੇਸ਼ੀ ਕੋਚਾਂ ਨੇ ਵੀ ਕਿਹਾ, ‘ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ਵਾਪਸ ਆ ਰਹੇ ਹੋ’।’’ ਸੁਸ਼ੀਲ ਨੇ ਕਿਹਾ, ‘‘ਇਸ ਸਮੇਂ ਮੇਰੇ ਅੰਦਰ ਸਟੈਮਿਨਾ ਦੀ ਕਮੀ ਹੈ ਅਤੇ ਡਿਫੈਂਸ ਕਮਜ਼ੋਰ ਹੈ। ਮੇਰੇ ਕੋਚ ਮਾਲੀਕੋਵ ਮੈਨੂੰ ਤਿਆਰ ਕਰਨ ਲਈ 90 ਦਿਨ ਦੀ ਸਿਖਲਾਈ ਦਾ ਸਮਾਂ ਚਾਹੁੰਦੇ ਹਨ। ਹੁਣ ਤੱਕ ਲਗਪਗ 50 ਦਿਨ ਹੋ ਗਏ ਹਨ।।’’ ਸੁਸ਼ੀਲ ਨੇ ਕਿਹਾ ਮਾਲੀਕੋਵ ਉਸ ਤੋਂ ਘੱਟ ਉਮਰ ਦਾ ਹੈ ਅਤੇ ਇਸ ਲਈ ਉਹ ਸਿਖਲਾਈ ਦੇ ਭਾਈਵਾਲ ਵਜੋਂ ਵੀ ਭੂਮਿਕਾ ਨਿਭਾਅ ਰਿਹਾ ਹੈ।