ਲਾਸ ਏਂਜਲਸ:ਭਾਰਤੀ ਮੂਲ ਦੇ ਫ਼ਿਲਮਸਾਜ਼ ਬੇਨ ਰੇਖੀ ਦਾ ਮੰਨਣਾ ਹੈ ਕਿ ਕਿਸੇ ਵਿਅਕਤੀ ਦੇ ਕਰੀਅਰ ’ਚ ਫ਼ਿਲਮ ਫੈਸਟੀਵਲ ਦਾ ਹਿੱਸਾ ਹੋਣਾ ਬਹੁਤ ਮਹੱਤਵ ਰੱਖਦਾ ਹੈ। ਰੇਖੀ ਦੀ ਦਸਤਾਵੇਜ਼ੀ ‘ਦਿ ਰੀਯੂਨਾਈਟਡ ਸਟੇਟਸ’ ਕਈ ਫ਼ਿਲਮ ਫੈਸਟੀਵਲਜ਼ ਵਿਚ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ। ਉਸ ਨੇ ਆਖਿਆ ਕਿ ਸਿਨੇਮਾ ਅਜਿਹਾ ਤਜਰਬਾ ਹੈ ਜਿਸ ਦਾ ਹੋਰਨਾਂ ਤੋਂ ਲਾਭ ਉਠਾਉਣ ਦੀ ਲੋੜ ਹੈ। ਰੇਖੀ ਨੇ ਆਖਿਆ ਕਿ,‘‘ਮੈਂ ਸਮਝਦਾ ਕਿ ਫ਼ਿਲਮਸਾਜ਼ ਤੇ ਦਰਸ਼ਕਾਂ ਦੇ ਪ੍ਰਸਪਰ ਪ੍ਰਭਾਵ ਲਈ ਫ਼ਿਲਮ ਫੈਸਟੀਵਲ ਬਹੁਤ ਮਹੱਤਵਪੂਰਨ ਹਨ। ਸਿਨੇਮਾ ਦਾ ਮਤਲਬ ਹੈ ਤਜਰਬਾ ਸਾਂਝਾ ਕਰਨਾ ਪਰ ਪਿਛਲੇ ਇਕ ਸਾਲ ਤੋਂ ਸਿਨੇਮਾਘਰ ਕਰੀਬ ਬੰਦ ਪਏ ਹਨ। ਫ਼ਿਲਮ ਫੈਸਟੀਵਲ ਅਜਿਹਾ ਮੰਚ ਹੈ ਜਿਥੇ ਤੁਸੀਂ ਇਕ-ਦੂਸਰੇ ਨੂੰ ਖੁਦ ਮਿਲ ਸਕਦੇ ਹੋ।’’ ਫ਼ਿਲਮਸਾਜ਼ ਨੇ ਆਖਿਆ ਕਿ ਫ਼ਿਲਮ ਫੈਸਟੀਵਲ ਬਹੁਤ ਸ਼ਾਨਦਾਰ ਤਜਰਬਾ ਹੈ ਕਿਉਂਕਿ ਉਹ ਤੁਹਾਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਉਂਦਾ ਹੈ ਅਤੇ ਤੁਹਾਨੂੰ ਪ੍ਰਤੀਕਿਰਿਆ ਮਿਲਦੀ ਹੈ। ਉਸ ਨੇ ਆਖਿਆ,‘‘ਅਸੀਂ ਖੁਸ਼ਕਿਸਮਤ ਹਾਂ ਕਿ ਅਜਿਹੀਆਂ ਫ਼ਿਲਮਾਂ ਬਣਾ ਰਹੇ ਜਿਹੜੀਆਂ ਫ਼ਿਲਮ ਫੈਸਟੀਵਲਜ਼ ਵਿੱਚ ਦਿਖਾਈਆਂ ਜਾ ਰਹੀਆਂ ਹਨ। ਫੈਸਟੀਵਲ ਸਾਰੀਆਂ ਫ਼ਿਲਮਾਂ ਲਈ ਠੀਕ ਨਹੀਂ ਹੁੰਦੇ ਪਰ ਜ਼ਿਆਦਾਤਰ ਫ਼ਿਲਮਾਂ ਲਈ ਲਾਹੇਵੰਦ ਹੁੰਦੇ ਹਨ।’’ ਦਸਤਾਵੇਜ਼ੀ ਬਾਰੇ ਗੱਲਬਾਤ ਕਰਦਿਆਂ ਰੇਖੀ ਨੇ ਆਖਿਆ ਕਿ ਉਹ ਖੁਸ਼ ਹੈ ਕਿ ਉਹ ਵਿਸ਼ਵ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਸਹੀ ਢੰਗ ਨਾਲ ਪੇਸ਼ ਕਰ ਸਕਿਆ। ਉਸ ਨੇ ਆਖਿਆ,‘‘ਦਿ ਰੀਯੂਨਾਈਟਿਡ ਸਟੇਟਸ ਬਣਾਉਣ ਦਾ ਵਿਚਾਰ ਮੈਨੂੰ ਸਾਲ 2016 ਦੀਆਂ ਚੋਣਾਂ ਤੋਂ ਬਾਅਦ ਆਇਆ ਸੀ। ਮੈਂ ਉਦੋਂ ਤੱਕ ਕਹਾਣੀ ਜਾਂ ਨਾਵਲ ਆਧਾਰਿਤ ਫ਼ਿਲਮਾਂ ਹੀ ਬਣਾਈਆਂ ਸਨ ਪਰ ਅਮਰੀਕਾ ਦੀ ਸਿਆਸਤ ਨੇ ਸਭ ਕੁਝ ਬਦਲ ਦਿੱਤਾ ਅਤੇ ਮੈਂ ਇਸ ਪਾਸੇ ਫ਼ਿਲਮ ਬਣਾਉਣ ਲਈ ਖਿੱਚਿਆ ਗਿਆ ਕਿ ਮੈਂ ਇਸ ਵਰਤਾਰੇ ਦੀ ਅਸਲੀਅਤ ਕਿਵੇਂ ਲੋਕਾਂ ਤੱਕ ਪਹੁੰਚਾ ਸਕਦਾ ਹਾਂ। ਮੈਂ ਇਸ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਫਿਰ ਮੇਰਾ ਇਸ ਨਾਲ ਲਗਾਅ ਹੋ ਗਿਆ।’’