ਨਵੀਂ ਦਿੱਲੀ, 18 ਮਈ
ਕਰਨਾਟਕ ‘ਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਅੱਜ ਪਾਰਟੀ ਨੇ ਐਲਾਨ ਕੀਤਾ ਕਿ ਸਿੱਧਰਮਈਆ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ ਅਤੇ ਡੀਕੇ ਸ਼ਿਵਕੁਮਾਰ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਤੱਕ ਸ੍ਰੀ ਸ਼ਿਵਕੁਮਾਰ ਸੂਬੇ ’ਚ ਪਾਰਟੀ ਦੇ ਪ੍ਰਧਾਨ ਬਰਕਰਾਰ ਰਹਿਣਗੇ। ਇਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਦੇਰ ਰਾਤ ਸ੍ਰੀ ਵੇਣੂਗੋਪਾਲ ਅਤੇ ਕਰਨਾਟਕ ਦੇ ਜਨਰਲ ਸਕੱਤਰ ਇੰਚਾਰਜ ਰਣਦੀਪ ਸੁਰਜੇਵਾਲਾ ਨਾਲ ਲੰਬੀ ਗੱਲਬਾਤ ਕੀਤੀ ਅਤੇ ਫਿਰ ਉਨ੍ਹਾਂ ਨੂੰ ਇਸ ਫਾਰਮੂਲੇ ‘ਤੇ ਮਨਾਉਣ ਲਈ ਸਿੱਧਾਰਮਈਆ ਅਤੇ ਸ਼ਿਵਕੁਮਾਰ ਨਾਲ ਵੱਖਰੇ ਤੌਰ ‘ਤੇ ਗੱਲਬਾਤ ਕੀਤੀ। ਸਹੁੰ ਚੁੱਕ ਸਮਾਗਮ 20 ਮਈ ਨੂੰ ਬਾਅਦ ਦੁਪਹਿਰ 12:30 ਵਜੇ ਹੋਵੇਗਾ। ਅੱਜ ਸ਼ਾਮ ਨੂੰ ਬੰਗਲੌਰ ‘ਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਹੈ, ਜਿਸ ‘ਚ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ।