ਬੇਲਗਾਵੀ, (ਕਰਨਾਟਕ), 19 ਦਸੰਬਰ

ਕਰਨਾਟਕ ਵਿੱਚ ਸੱਤਾਧਾਰੀ ਭਾਜਪਾ ਨੇ ਸੁਵਰਨਾ ਵਿਧਾਨ ਸੌਧਾ ਦੇ ਅਸੈਂਬਲੀ ਹਾਲ ਵਿੱਚ ਅੱਜ ਹਿੰਦੂ ਵਿਚਾਰਧਾਰਕ ਵੀਰ ਸਾਵਰਕਰ ਦੀ ਤਸਵੀਰ ਤੋਂ ਪਰਦਾ ਹਟਾਇਆ। ਵਿਰੋਧੀ ਧਿਰ ਕਾਂਗਰਸ ਨੇ ਭਾਜਪਾ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ। ਵਿਧਾਨ ਸਭਾ ਹਾਲ ਵਿੱਚ ਸੱਤ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸਾਵਰਕਰ ਦੀ ਤਸਵੀਰ ਵੀ ਸ਼ਾਮਲ ਹੈ। ਇਸ ਮੌਕੇ ਮੁੱਖ ਮੰਤਰੀ ਬਸਵਾਰਾਜ ਬੋਮੱਈ, ਸਪੀਕਰ ਵਿਸ਼ਵੇਸ਼ਵਰ ਹੈਗੜੇ ਕਾਗੇਰੀ, ਕਾਨੂੰਨ ਮੰਤਰੀ ਜੇ. ਮਧੂਸਵਾਮੀ ਅਤੇ ਜਲ ਸਰੋਤ ਮੰਤਰੀ ਗੋਵਿੰਦ ਕਰਜੋਲ ਅਤੇ ਹੋਰ ਮੌਜੂਦ ਸਨ। ਸੂਤਰਾਂ ਮੁਤਾਬਕ, ਇਸ ਦੇ ਉਦਘਾਟਨ ਮੌਕੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਵਿਧਾਨ ਸਭਾ ਦੇ ਚਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ।