ਨਵੀਂ ਦਿੱਲੀ, 16 ਮਈ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਕਰਨਾਟਕ ਵਿੱਚ ਕਾਂਗਰਸ ਵਿਧਾਇਕ ਦਲ (ਸੀਐੱਲਪੀ) ਦਾ ਨੇਤਾ ਚੁਣਨ ਲਈ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨਾਲ ਸਲਾਹ ਮਸ਼ਵਰਾ ਕਰ ਰਹੇ ਹਨ। ਸ੍ਰੀ ਖੜਗੇ ਦੀ ਰਿਹਾਇਸ਼ ‘ਤੇ ਚੱਲ ਰਹੀ ਬੈਠਕ ‘ਚ ਉਨ੍ਹਾਂ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਕਰਨਾਟਕ ਇੰਚਾਰਜ ਰਣਦੀਪ ਸੁਰਜੇਵਾਲਾ ਅਤੇ ਕੁਝ ਹੋਰ ਨੇਤਾ ਮੌਜੂਦ ਹਨ। ਦੂਜੇ ਪਾਸੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਦਿੱਲੀ ਪਹੁੰਚ ਗਏ ਹਨ ਅਤੇ ਉਹ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰ ਸਕਦੇ ਹਨ। ਸ਼ਿਵਕੁਮਾਰ ਨੇ ਸੋਮਵਾਰ ਨੂੰ ਹੀ ਦਿੱਲੀ ਆਉਣਾ ਸੀ ਪਰ ਉਨ੍ਹਾਂ ਨੇ ਪੇਟ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਆਪਣਾ ਦੌਰਾ ਰੱਦ ਕਰ ਦਿੱਤਾ ਸੀ। ਸਾਬਕਾ ਮੁੱਖ ਮੰਤਰੀ ਸਿੱਧਰਮਈਆ ਸੋਮਵਾਰ ਤੋਂ ਦਿੱਲੀ ‘ਚ ਮੌਜੂਦ ਹਨ। ਇਹ ਦੋਵੇਂ ਆਗੂ ਮੁੱਖ ਮੰਤਰੀ ਅਹੁਦੇ ਦੇ ਮਜ਼ਬੂਤ ​​ਦਾਅਵੇਦਾਰ ਮੰਨੇ ਜਾਂਦੇ ਹਨ।